ਬੰਦੀਆਂ ਨੂੰ ਪੇਸ਼ੇਵਰ ਸਿਖਲਾਈ ਦੇ ਕੇ ਸਵੈ ਰੋਜ਼ਗਾਰ ਸਥਾਪਤ ਕਰਨ ਦੇ ਕਾਬਲ ਬਣਾਇਆ ਜਾਵੇਗਾ - ਭਾਵਨਾ ਗਰਗ

ਕਪੂਰਥਲਾ, 16 ਸਤੰਬਰ (ਅਮਰਜੀਤ ਕੋਮਲ)-ਕੇਂਦਰੀ ਜੇਲ੍ਹ ਵਿਚਲੇ ਬੰਦੀਆਂ ਨੂੰ ਪੇਸ਼ੇਵਰ ਸਿਖਲਾਈ ਦੇ ਕੇ ਸਵੈ ਰੁਜ਼ਗਾਰ ਸਥਾਪਤ ਕਰਨ ਦੇ ਕਾਬਲ ਬਣਾਇਆ ਜਾਵੇਗਾ ਤਾਂ ਜੋ ਉਹ ਮੁੜ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਕੇ ਸਨਮਾਨ ਪੂਰਵਕ ਜ਼ਿੰਦਗੀ ਬਤੀਤ ਕਰ ਸਕਣ। ਇਹ ਗੱਲ ਭਾਵਨਾ ਗਰਗ ਪ੍ਰਮੁੱਖ ਸਕੱਤਰ ਜੇਲ੍ਹ ਪੰਜਾਬ ਨੇ ਅੱਜ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਜੇਲ੍ਹ ਸੁਧਾਰਾਂ ਤਹਿਤ ਬੰਦੀਆਂ ਦੇ ਹੁਨਰ ਵਿਕਾਸ ਲਈ ਪਲੰਬਰ ਤੇ ਵੈਲਡਿੰਗ ਦੇ ਕੋਰਸਾਂ ਦੀ ਸ਼ੁਰੂਆਤ ਕਰਨ ਮੌਕੇ ਕਹੀ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਕਪੂਰਥਲਾ ਵਲੋਂ ਜੇਲ੍ਹ ਵਿਚ ਇਹ ਕੋਰਸ ਕਰਵਾਏ ਜਾਣਗੇ ਤੇ ਰੋਜ਼ਗਾਰ ਉਤਪਤੀ ਵਲੋਂ ਬੰਦੀਆਂ ਨੂੰ ਬਾਹਰ ਆਉਣ 'ਤੇ ਸਵੈ ਰੋਜ਼ਗਾਰ ਸਥਾਪਤ ਕਰਨ ਲਈ ਲੋੜੀਂਦੀ ਅਗਵਾਈ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਕੋਰਸ ਇਕ ਸਾਲ ਦੇ ਹੋਣਗੇ ਤੇ ਪਹਿਲੇ ਪੜਾਅ ਵਿਚ ਪਲੰਬਰ ਦੇ ਕੋਰਸ ਵਿਚ 24 ਤੇ ਵੈਲਡਿੰਗ ਦੇ ਕੋਰਸ ਵਿਚ 20 ਬੰਦੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਪ੍ਰਮੁੱਖ ਸਕੱਤਰ ਨੇ ਕਿਹਾ ਕਿ ਕੋਰਸ ਪੂਰਾ ਹੋਣ ਤੋਂ ਬਾਅਦ ਬੰਦੀਆਂ ਨੂੰ ਦਿੱਤੀਆਂ ਜਾਣ ਵਾਲ ਸਰਟੀਫਿਕੇਟ ਨੈਸ਼ਨਲ ਕਾਊਂਸਲ ਫ਼ਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ ਵਲੋਂ ਦਿੱਤਾ ਜਾਵੇਗਾ, ਜਿਸਨੂੰ ਦੇਸ਼-ਵਿਦੇਸ਼ ਵਿਚ ਮਾਨਤਾ ਹੋਵੇਗੀ। ਉਨ੍ਹਾਂ ਜੇਲ੍ਹ ਵਿਚ ਸੁਰੱਖਿਆ ਤੇ ਬੰਦੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ ਤੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬੰਦੀਆਂ ਦੀ ਸਿਹਤ ਜਾਂਚ ਕਰਵਾਉਣਾ ਲਗਾਤਾਰ ਯਕੀਨੀ ਬਣਾਉਣ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ, ਐਸ.ਡੀ.ਐਮ. ਕਪੂਰਥਲਾ ਮੇਜਰ ਡਾ. ਇਰਵਿਨ ਕੌਰ, ਡੀ.ਐਸ.ਪੀ. ਜੇਲ੍ਹ ਪ੍ਰਭਜੋਤ ਸਿੰਘ, ਜ਼ਿਲ੍ਹਾ ਪਲੇਸਮੈਂਟ ਅਫ਼ਸਰ ਵਰੁਣ ਜੋਸ਼ੀ, ਆਈ.ਟੀ.ਆਈ. ਕਪੂਰਥਲਾ ਦੇ ਪ੍ਰਿੰਸੀਪਲ ਸ਼ਕਤੀ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਜੇਲ੍ਹ ਸੁਪਰਡੈਂਟ ਸ਼ਿਆਮਲ ਜੋਤੀ ਵਲੋਂ ਪ੍ਰਮੁੱਖ ਸਕੱਤਰ ਨੂੰ ਜੇਲ੍ਹ ਵਿਚ ਬੰਦੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਪ੍ਰਮੁੱਖ ਸਕੱਤਰ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।