ਹਵਾਲਾਤੀ ਦੀ ਮੌਤ ਮਾਮਲੇ 'ਚ ਪਰਿਵਾਰ ਨੇ ਲਾਏ ਸੀ.ਆਈ.ਏ. ਸਟਾਫ਼ ਦੀ ਪੁਲਿਸ 'ਤੇ ਮਾਰਕੁੱਟ ਦੇ ਦੋਸ਼

ਕਪੂਰਥਲਾ, 18 ਸਤੰਬਰ (ਅਮਨਜੋਤ ਸਿੰਘ ਵਾਲੀਆ)-ਬੀਤੇ ਦਿਨੀਂ ਕੇਂਦਰੀ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਸੀ। ਇਸ ਸਬੰਧੀ ਅੱਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਮਾਣਯੋਗ ਜੱਜ ਜੀ.ਐਮ.ਐਸ. ਸੁਰੇਸ਼ ਕੁਮਾਰ ਦੀ ਅਗਵਾਈ ਵਿਚ ਡਾਕਟਰਾਂ ਦਾ ਬੋਰਡ ਬਣਾ ਕੇ ਮ੍ਰਿਤਕ ਹਵਾਲਾਤੀ ਦਾ ਪੋਸਟਮਾਰਟਮ ਕੀਤਾ ਗਿਆ। ਇਸ ਮੌਕੇ ਮ੍ਰਿਤਕ ਹਵਾਲਾਤੀ ਗੁਰਦੇਵ ਸਿੰਘ ਪੁੱਤਰ ਭਜਨ ਸਿੰਘ ਵਾਸੀ ਲੱਖਣ ਖ਼ੁਰਦ ਦੇ ਪਰਿਵਾਰਕ ਮੈਂਬਰਾਂ ਨੇ ਮਾਣਯੋਗ ਜੱਜ ਸੁਰੇਸ਼ ਕੁਮਾਰ ਨਾਲ ਗੱਲਬਾਤ ਕਰਦਿਆਂ ਸੀ.ਆਈ.ਏ. ਸਟਾਫ਼ ਕਪੂਰਥਲਾ ਦੀ ਪੁਲਿਸ 'ਤੇ ਦੋਸ਼ ਲਗਾਇਆ ਕਿ ਪੁਲਿਸ ਵਲੋਂ ਗੁਰਦੇਵ ਸਿੰਘ ਨੂੰ ਐਨ.ਡੀ.ਪੀ.ਐਸ. ਦੇ ਕੇਸ ਵਿਚ ਨਾਜਾਇਜ਼ ਤੌਰ 'ਤੇ ਫਸਾਇਆ ਗਿਆ ਹੈ ਅਤੇ ਉਸ ਦੀ ਪੁਲਿਸ ਹਿਰਾਸਤ ਵਿਚ ਬੁਰੀ ਤਰ੍ਹਾਂ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਮਾਣਯੋਗ ਜੱਜ ਪਾਸੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਇਸ ਵਿਚ ਸ਼ਾਮਿਲ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਕੋਤਵਾਲੀ ਪੁਲਿਸ ਦੇ ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।