ਝੋਨੇ 'ਚ ਸਪਰੇਅ ਦੌਰਾਨ ਬਿਜਲੀ ਦੀਆਂ ਤਾਰਾਂ ਤੋਂ ਪਿਆ ਕਰੰਟ, 2 ਦੀ ਮੌਤ

ਹਰਚੋਵਾਲ, 20 ਸਤੰਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਝੋਨੇ ਦੀ ਫਸਲ ਨੂੰ ਸਪਰੇਅ ਕਰਨ ਦੌਰਾਨ ਦੋ ਵਿਅਕਤੀਆਂ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੋਗਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਅਤੇ ਰਿੰਕੂ ਪੁੱਤਰ ਮਹਿੰਦਰ ਮਸੀਹ ਵਾਸੀ ਪਿੰਡ ਗਿੱਲ ਮੰਝ ਨੇ ਦੱਸਿਆ ਕਿ ਉਹ 4 ਵਿਅਕਤੀ ਪਿੰਡ ਨੰਗਲ ਝੌਰ ਦੇ ਕਿਸਾਨ ਇੰਦਰਜੀਤ ਸਿੰਘ ਪੁੱਤਰ ਮੰਗਲ ਸਿੰਘ ਦੇ ਖੇਤਾਂ ਵਿਚ ਝੋਨੇ ਨੂੰ ਸਪਰੇਅ ਕਰ ਰਹੇ ਸਨ। ਖੇਤਾਂ ਵਿਚ ਬਿਜਲੀ ਦਾ ਖੰਭਾ ਡਿੱਗੇ ਹੋਣ ਸਬੰਧੀ ਖੇਤ ਦੇ ਮਾਲਕ ਵਲੋਂ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਅਤੇ ਸਾਨੂੰ ਸਪਰੇਅ ਕਰਨ ਲਗਾ ਕੇ ਆਪ ਆਪਣੇ ਘਰੇ ਚਲਿਆ ਗਿਆ ਜਦੋਂ ਅਸੀਂ ਖੇਤ ਸਪਰੇਅ ਕਰ ਰਹੇ ਸੀ ਤਾਂ ਸਾਡੇ ਦੋ ਸਾਥੀ ਜਗਤਾਰ ਮਸੀਹ ਪੁੱਤਰ ਅਮਰੀਕ ਮਸੀਹ ਉਮਰ 35 ਸਾਲ ਅਤੇ ਰਾਜਨ ਪੁੱਤਰ ਕਸ਼ਮੀਰ ਮਸੀਹ ਉਮਰ 28 ਸਾਲ ਵਾਸੀ ਗਿੱਲ ਮੰਝ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਏ ਅਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂ ਇਸ ਸਬੰਧੀ ਪੁਲਿਸ ਚੌਕੀ ਹਰਚੋਵਾਲ ਦੇ ਇੰਚਾਰਜ ਏ. ਐਸ. ਆਈ. ਸਰਵਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਵਿਅਕਤੀਆਂ ਦੇ ਸਾਥੀਆਂ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਬਣਦੀ ਅਗਲੀ ਕਾਰਵਾਈ ਕਰ ਰਹੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।