ਤੇਲ ਟੈਂਕਰ ਤੇ ਐਕਟਿਵਾ ਹਾਦਸੇ 'ਚ ਨਰਸਿੰਗ ਦੀਆਂ 2 ਵਿਦਿਆਰਥਣਾਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬਾਈਪਾਸ ਜੋ ਬਠਿੰਡਾ ਰੋਡ ਤੋਂ ਬੱਸ ਸਟੈਂਡ ਅਤੇ ਮਲੋਟ ਰੋਡ ਨੂੰ ਮਿਲਾਉਂਦਾ ਹੈ, ਦੇ ਉੱਪਰ ਤੇਲ ਟੈਂਕਰ ਦੀ ਲਪੇਟ ਵਿਚ ਆਉਣ ਨਾਲ 2 ਐਕਟਿਵਾ ਸਵਾਰ ਨਰਸਿੰਗ ਦੀਆਂ ਵਿਦਿਆਰਥਣਾਂ ਦੀ ਮੌਤ ਹੋ ਗਈ। ਕੋਰਸ ਕਰ ਰਹੀਆਂ ਉਕਤ ਵਿਦਿਆਰਥਣਾਂ ਦੀ ਨੇੜਲੇ ਹੀ ਸਰਕਾਰੀ ਹਸਪਤਾਲ ਵਿਖੇ ਟ੍ਰੇਨਿੰਗ ਲੱਗੀ ਹੋਈ ਸੀ ਅਤੇ ਛੁੱਟੀ ਮਿਲਣ ਮਗਰੋਂ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਵੱਲ ਜਾ ਰਹੀਆਂ ਸਨ ਤਾਂ ਇਕ ਪ੍ਰਾਈਵੇਟ ਹਸਪਤਾਲ ਦੇ ਸਾਹਮਣੇ ਜਿਥੇ ਕਿ ਸੜਕ ਦੀ ਬਹੁਤ ਖਸਤਾ ਹਾਲਤ ਹੈ, ਤੇਲ ਟੈਂਕਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਰਾਜਵੀਰ ਕੌਰ (28) ਵਾਸੀ ਪਿੰਡ ਰਹੂੜਿਆਂਵਾਲੀ ਅਤੇ ਰੇਨੂੰ (22) ਵਾਸੀ ਪਿੰਡ ਥਾਂਦੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇਸ ਭਿਆਨਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਘਟਨਾ ਦਾ ਮੰਜ਼ਰ ਬਹੁਤ ਦਰਦਨਾਕ ਸੀ। ਇਸ ਘਟਨਾ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।