JALANDHAR WEATHER

ਕਲਾਸੀਕਲ ਗਾਇਕ ਤੇ ਪਦਮ ਵਿਭੂਸ਼ਣ ਪੰਡਿਤ ਛੰਨੂਲਾਲ ਮਿਸ਼ਰਾ ਦਾ ਦਿਹਾਂਤ

ਵਾਰਾਣਸੀ, 2 ਅਕਤੂਬਰ- ਕਲਾਸੀਕਲ ਗਾਇਕ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਪੰਡਿਤ ਛੰਨੂਲਾਲ ਮਿਸ਼ਰਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਉਨ੍ਹਾਂ ਨੇ ਸਵੇਰੇ 4:15 ਵਜੇ ਆਪਣੀ ਧੀ ਨਮਰਤਾ ਮਿਸ਼ਰਾ ਦੇ ਮਿਰਜ਼ਾਪੁਰ ਸਥਿਤ ਘਰ ਵਿਚ ਆਖਰੀ ਸਾਹ ਲਿਆ। ਛੰਨੂਲਾਲ ਮਿਸ਼ਰਾ ਦਾ ਗੀਤ ‘ਖੇਲੇ ਮਸਾਨੇ ਮੇਂ ਹੋਲੀ’ ਅਜੇ ਵੀ ਹਰ ਕਿਸੇ ਦੀ ਜ਼ੁਬਾਨ ’ਤੇ ਹੈ।

ਪੰਡਿਤ ਛੰਨੂਲਾਲ ਮਿਸ਼ਰਾ ਦੀਆਂ ਚਾਰ ਧੀਆਂ ਅਤੇ ਇਕ ਪੁੱਤਰ ਹੈ। ਉਨ੍ਹਾਂ ਦੀ ਪਤਨੀ ਅਤੇ ਇਕ ਧੀ ਦਾ ਚਾਰ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਨਮਰਤਾ ਨੇ ਕਿਹਾ ਕਿ ਅੰਤਿਮ ਸੰਸਕਾਰ ਅੱਜ ਸ਼ਾਮ ਕਾਸ਼ੀ ਦੇ ਮਣੀਕਰਨਿਕਾ ਘਾਟ ’ਤੇ ਕੀਤਾ ਜਾਵੇਗਾ। ਛੰਨੂਲਾਲ ਮਿਸ਼ਰਾ 2014 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਸਤਾਵਕ ਸਨ।

ਪੰਡਿਤ ਛੰਨੂਲਾਲ ਮਿਸ਼ਰਾ ਸੱਤ ਮਹੀਨਿਆਂ ਤੋਂ ਬਿਮਾਰ ਸਨ। ਉਹ ਹਾਲ ਹੀ ਵਿਚ 17 ਦਿਨਾਂ ਲਈ ਹਸਪਤਾਲ ਵਿਚ ਭਰਤੀ ਸਨ। 11 ਸਤੰਬਰ ਨੂੰ ਮਿਰਜ਼ਾਪੁਰ ਸਥਿਤ ਆਪਣੀ ਧੀ ਦੇ ਘਰ ਉਨ੍ਹਾਂ ਦੀ ਹਾਲਤ ਵਿਗੜ ਗਈ। ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਰਾਮਕ੍ਰਿਸ਼ਨ ਸੇਵਾਸ਼ਰਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਉਨ੍ਹਾਂ ਨੂੰ 13 ਸਤੰਬਰ ਦੀ ਰਾਤ ਨੂੰ ਬੀ.ਐਚ.ਯੂ. ਦੇ ਸਰ ਸੁੰਦਰਲਾਲ ਹਸਪਤਾਲ ਲਿਆਂਦਾ ਗਿਆ ਸੀ ਤੇ ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ 27 ਸਤੰਬਰ ਨੂੰ ਛੁੱਟੀ ਦੇ ਦਿੱਤੀ ਗਈ। ਫਿਰ ਉਹ ਮਿਰਜ਼ਾਪੁਰ ਵਿਚ ਆਪਣੀ ਧੀ ਦੇ ਘਰ ਚਲੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ