ਡੇਢ ਮਿੰਟ ਵਿਚ ਅੱਠ ਕਵਿਤਾਵਾਂ ਲਿਖਣ ਵਾਲੀ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਦਾ ਜਥੇਦਾਰ ਗੜਗੱਜ ਵਲੋਂ ਸਨਮਾਨ

ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇਢ ਮਿੰਟ ਵਿਚ ਅੱਠ ਕਵਿਤਾਵਾਂ ਲਿਖਣ ਦਾ ਰਿਕਾਰਡ ਬਣਾਉਣ ਵਾਲੀ 18 ਸਾਲਾ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਬੰਡਾਲਾ ਦਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕੀਤਾ। ਇਸ ਮੌਕੇ ਗੁਰਸ਼ਰਨ ਕੌਰ ਨੇ ਜਥੇਦਾਰ ਗੜਗੱਜ ਨੂੰ ਆਪਣੇ ਵਲੋਂ ਲਿਖੀ ਕਵਿਤਾਵਾਂ ਦੀ ਇਕ ਪੁਸਤਕ ਵੀ ਭੇਟ ਕੀਤੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਸ਼ਰਨ ਕੌਰ ਨੇ ਡੇਢ ਮਿੰਟ ਵਿਚ ਅੱਠ ਕਵਿਤਾਵਾਂ ਮੌਕੇ ’ਤੇ ਹੀ ਕਲਮ ਨਾਲ ਲਿਖ ਕੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿਚ ਆਪਣਾ ਨਾਂਅ ਦਰਜ ਕਰਵਾਇਆ ਸੀ। ਉਹ ਦੁਨੀਆ ਅੰਦਰ ਅਜਿਹਾ ਕਰਨ ਵਾਲੀ ਪਹਿਲੀ ਗੁਰਸਿੱਖ ਤੇ ਦਸਤਾਰਧਾਰੀ ਬੱਚੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅੰਮ੍ਰਿਤਮਈ ਗੁਰਬਾਣੀ ਵਿਚ ਬੀਬੀਆਂ ਅਤੇ ਭੈਣਾਂ ਦੇ ਹੱਕ ਦੀ ਗੱਲ ਆਖੀ ਹੈ। ਗੁਰਬਾਣੀ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਦੀ ਸੇਵਾ ਦਾ ਵੀ ਜ਼ਿਕਰ ਹੈ। ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਅੰਦਰ ਵੀ ਬੀਬੀਆਂ ਦਾ ਵਿਸ਼ੇਸ਼ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਅੱਜ ਵੀ ਸਾਡੀਆਂ ਬਹੁਤ ਧੀਆਂ ਗੁਰੂ ਸਾਹਿਬਾਨ ਦੇ ਦਿੱਤੇ ਉਪਦੇਸ਼ਾਂ ਉੱਪਰ ਚੱਲਦਿਆਂ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦੀਆਂ ਹਨ ਅਤੇ ਵੱਖ-ਵੱਖ ਖੇਤਰਾਂ ਵਿਚ ਸਿੱਖੀ ਦੀ ਸ਼ਾਨ ਨੂੰ ਵਧਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚੀ ਗੁਰਸ਼ਰਨ ਕੌਰ ਬੰਡਾਲਾ ਵਲੋਂ ਵੀ ਆਪਣੀ ਸਿੱਖ ਪਛਾਣ ਕਾਇਮ ਰੱਖਦਿਆਂ ਕਵਿਤਾਵਾਂ ਲਿਖਣ ਦਾ ਰਿਕਾਰਡ ਬਣਾਇਆ ਹੈ, ਜੋ ਕਿ ਨੌਜਵਾਨਾਂ ਲਈ ਪ੍ਰੇਰਣਾਸਰੋਤ ਹੈ। ਉਨ੍ਹਾਂ ਕਿਹਾ ਕਿ ਗੁਰਸਿੱਖ ਧੀ ਹੋਣ ਦੇ ਨਾਤੇ ਬੱਚੀ ਗੁਰਸ਼ਰਨ ਕੌਰ ਦਾ ਹੌਸਲਾ ਵਧਾਉਣ ਲਈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ।