ਭਾਰਤ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਪਾਕਿਸਤਾਨ ਸਿੱਖ ਜਥਾ ਭੇਜਣ ਦੀ ਦਿੱਤੀ ਮਨਜ਼ੂਰੀ

ਅਟਾਰੀ, (ਅੰਮ੍ਰਿਤਸਰ), 2 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭਾਰਤ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਆਪਸੀ ਤਾਲੁਕਾਤ ਸੰਬੰਧ ਸਭ ਖ਼ਤਮ ਹੋ ਚੁੱਕੇ ਸਨ ਤੇ ਇਸ ਦੇ ਦੌਰਾਨ ਹੀ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਆਉਣ ਜਾਣ ਵਾਲੇ ਹਰੇਕ ਧਰਮਾਂ ਦੇ ਜਥਿਆਂ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਇਹ ਰੋਕ ਖ਼ਾਸ ਕਰਕੇ ਭਾਰਤ ਸਰਕਾਰ ਵਲੋਂ ਹੀ ਲਗਾਈ ਗਈ ਸੀ, ਜਿਸ ’ਤੇ ਵੱਡਾ ਫੈਸਲਾ ਲੈਂਦਿਆਂ ਅੱਜ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਨਵੰਬਰ 2025 ਵਿਚ ਮਨਾਉਣ ਜਾਣ ਵਾਲੀਆਂ ਸੰਗਤਾਂ ਨੂੰ ਭਾਰਤ ਤੋਂ ਅਟਾਰੀ ਸਰਹੱਦ ਰਸਤੇ 10 ਦਿਨਾਂ ਵੀਜ਼ਾ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਤੋਂ ਵੀਜ਼ਾ ਲੈ ਕੇ ਜਾਣ ਲਈ ਮਨਜ਼ੂਰੀ ਭਾਰਤ ਸਰਕਾਰ ਵਲੋਂ ਦੇ ਦਿੱਤੀ ਗਈ ਹੈ।
ਇਥੇ ਇਹ ਵੀ ਖਾਸ ਕਰਕੇ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਭਾਰਤ ਤੋਂ ਜਾਣ ਵਾਲੇ ਪਾਕਿਸਤਾਨ ਸ਼ਰਧਾਲੂ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਜਾਣ ਵਾਲੇ ਪਾਸਪੋਰਟਾਂ ’ਤੇ ਹੀ ਭਾਰਤੀ ਸਿੱਖ ਸ਼ਰਧਾਲੂ 3000 ਦੀ ਗਿਣਤੀ ਵਿਚ ਸਮੁੱਚੇ ਭਾਰਤ ਤੋਂ ਪਾਕਿਸਤਾਨ ਜਾ ਸਕਣਗੇ। ਇਸ ਦੇ ਨਾਲ ਹੀ ਕੋਈ ਵੀ ਵੱਖ-ਵੱਖ ਸੰਸਥਾਵਾਂ, ਜੋ ਕਿ ਪਹਿਲਾਂ ਆਪੋ ਆਪਣੇ ਜਥਿਆਂ ਨੂੰ ਭੇਜਦੀਆਂ ਸਨ, ਉਨ੍ਹਾਂ ’ਤੇ ਰੋਕ ਲਗਾਈ ਗਈ ਹੈ। ਇਹ ਵੀ ਦੱਸਣ ਯੋਗ ਹੈ ਕਿ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਇਸ ਵਾਰ ਦਿੱਤੀ ਗਈ ਮਨਜ਼ੂਰੀ ਵਿਚ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਪਾਕਿਸਤਾਨ ਭੇਜਣ ਵਾਲੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪੋ ਆਪਣੇ ਰਾਜਾਂ ਦੇ ਗ੍ਰਹਿ ਵਿਭਾਗਾਂ ਨੂੰ ਆਪਣੇ ਸ਼ਰਧਾਲੂਆਂ ਦੀ ਲਿਸਟ ਭੇਜਣਗੇ ਤੇ ਉਸ ਤੋਂ ਉਪਰੰਤ ਰਾਜ ਦੇ ਗ੍ਰਹਿ ਵਿਭਾਗ ਵਲੋਂ ਕੇਂਦਰ ਦੇ ਗ੍ਰਹਿ ਵਿਭਾਗ ਨੂੰ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਲਿਸਟ ਸੌਂਪੀ ਜਾਵੇਗੀ ਤੇ ਉਸ ਦੇ ਉਪਰੰਤ ਭਾਰਤੀ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਲੱਗਣ ਲਈ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਜਮਾਂ ਕਰਵਾਏ ਜਾਣਗੇ ਤੇ ਉਪਰੰਤ ਭਾਰਤੀ ਸਿੱਖ ਸ਼ਰਧਾਲੂ ਅਟਾਰੀ ਸਰਹੱਦ ਰਸਤੇ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਮਨਾਉਣ ਲਈ ਖੁਸ਼ੀ ਖੁਸ਼ੀ ਜੈਕਾਰੇ ਲਗਾ ਕੇ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣਗੇ।