ਦਿੱਲੀ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਦੋ ਅਪਰਾਧੀ

ਨਵੀਂ ਦਿੱਲੀ, 3 ਅਕਤੂਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇਕ ਟੀਮ ਨੇ ਕਾਪਸਹੇੜਾ ਖੇਤਰ ਵਿਚ ਇਕ ਮੁਕਾਬਲੇ ਤੋਂ ਬਾਅਦ ਦੋ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੀ ਪਛਾਣ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਰਹਿਣ ਵਾਲੇ ਆਕਾਸ਼ ਰਾਜਪੂਤ ਅਤੇ ਰਾਜਸਥਾਨ ਦੇ ਭਰਤਪੁਰ ਦੇ ਰਹਿਣ ਵਾਲੇ ਮਹੀਪਾਲ ਵਜੋਂ ਹੋਈ ਹੈ।
ਜ਼ਖਮੀ ਅਪਰਾਧੀਆਂ ਨੂੰ ਡਾਕਟਰੀ ਇਲਾਜ ਲਈ ਭੇਜਿਆ ਗਿਆ ਹੈ। ਪੁਲਿਸ ਦੇ ਅਨੁਸਾਰ ਦੋਵੇਂ ਅਪਰਾਧੀ ਵਿਦੇਸ਼ਾਂ ਤੋਂ ਕੰਮ ਕਰਨ ਵਾਲੇ ਗੈਂਗਸਟਰ ਰੋਹਿਤ ਗੋਦਾਰਾ, ਗੋਲਡੀ ਬਰਾੜ ਅਤੇ ਵੀਰੇਂਦਰ ਚਰਨ ਨਾਲ ਜੁੜੇ ਹੋਏ ਸਨ। ਆਕਾਸ਼ ਰਾਜਪੂਤ ਜੁਲਾਈ 2022 ਵਿਚ ਕਰਨਾਲ ਦੇ ਅਸੰਧ ਵਿਚ ਇਕ ਹਸਪਤਾਲ ਦੇ ਬਾਹਰ ਹੋਈ ਗੋਲੀਬਾਰੀ ਵਿਚ ਸ਼ਾਮਲ ਸੀ, ਜਿਸ ਦੀ ਯੋਜਨਾ ਪ੍ਰਵਾਸੀ ਗੈਂਗਸਟਰ ਦਲੇਰ ਕੋਟੀਆ ਨੇ ਬਣਾਈ ਸੀ।
ਉਹ ਜੁਲਾਈ 2025 ਵਿਚ ਗੁਜਰਾਤ ਵਿਚ ਇਕ ਅਗਵਾ ਦੇ ਮਾਮਲੇ ਵਿਚ ਵੀ ਲੋੜੀਂਦਾ ਸੀ, ਜਿਸ ਵਿਚ ਗੈਂਗਸਟਰ ਕਿਰੀਟਸਿੰਘ ਝਾਲਾ ਨੇ ਪੀੜਤ ਤੋਂ 100 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਰਾਜਸਥਾਨ ਪੁਲਿਸ ਨੇ ਆਕਾਸ਼ ਰਾਜਪੂਤ ਲਈ 20,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
ਉਹ ਹਾਲ ਹੀ ਵਿਚ ਰਾਜਸਥਾਨ ਦੇ ਲੋੜੀਂਦੇ ਗੈਂਗਸਟਰਾਂ ਜਗਦੀਸ਼ ਜਗਲਾ ਅਤੇ ਅਭਿਸ਼ੇਕ ਗੌੜ ਰਾਹੀਂ ਰੋਹਿਤ ਗੋਦਾਰਾ, ਗੋਲਡੀ ਬਰਾੜ ਅਤੇ ਵਰਿੰਦਰ ਚਰਨ ਨਾਲ ਜੁੜਿਆ ਸੀ ਅਤੇ ਭਾਰਤ ਤੋਂ ਭੱਜਣ ਲਈ ਜਾਅਲੀ ਪਾਸਪੋਰਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਲਗਭਗ ਪੂਰੀ ਕਰ ਲਈ ਸੀ। ਮਹੀਪਾਲ ਕਰਨਾਲ ਗੋਲੀਬਾਰੀ ਵਿਚ ਸ਼ਾਮਿਲ ਸੀ। ਉਹ ਇਕ ਮਾਮਲੇ ਵਿਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਜ਼ਮਾਨਤ ’ਤੇ ਸੀ। ਉਹ ਆਕਾਸ਼ ਰਾਹੀਂ ਗੈਂਗਸਟਰਾਂ ਦੇ ਸੰਪਰਕ ਵਿਚ ਆਇਆ ਸੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਪੁਲਿਸ ਨੇ ਇਕ ਮੁਕਾਬਲੇ ਤੋਂ ਬਾਅਦ ਗੈਂਗਸਟਰ ਰੋਹਿਤ ਗੋਦਾਰਾ, ਗੋਲਡੀ ਬਰਾੜ ਅਤੇ ਵਰਿੰਦਰ ਚਰਨ ਗੈਂਗ ਦੇ ਦੋ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਨੇ ਕਾਮੇਡੀਅਨ ਮੁਨੱਵਰ ਫਾਰੂਕੀ ਦੇ ਕਤਲ ਲਈ ਠੇਕਾ ਲਿਆ ਸੀ। ਉਨ੍ਹਾਂ ਨੇ ਮੁੰਬਈ ਅਤੇ ਬੈਂਗਲੁਰੂ ਵਿਚ ਰੇਕੀ ਵੀ ਕੀਤੀ ਸੀ।