ਵੈਲਡਿੰਗ ਵਰਕਸ ਦੀ ਦੁਕਾਨ ਕਰਦੇ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਹਾਲਤ ਗੰਭੀਰ

ਗੱਗੋਮਾਹਲ, ਅਜਨਾਲਾ, 8 ਅਕਤੂਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਰਮਦਾਸ ਤੋਂ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਵੈਲਡਿੰਗ ਵਰਕਸ ਦੀ ਦੁਕਾਨ ਕਰਦੇ ਇਕ ਨੌਜਵਾਨ ਕੰਵਲਜੀਤ ਸਿੰਘ ਕੱਲੂ ਉਤੇ ਦੋ ਨੌਜਵਾਨਾਂ ਵਲੋਂ ਤਾਬੜਤੋੜ ਗੋਲੀਆਂ ਚਲਾਉਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੰਵਲਜੀਤ ਸਿੰਘ ਕੱਲੂ ਉਤੇ ਕੁਝ ਮਹੀਨੇ ਪਹਿਲਾਂ ਵੀ ਜਾਨਲੇਵਾ ਹਮਲਾ ਹੋਇਆ ਸੀ ਪਰ ਉਦੋਂ ਉਹ ਵਾਲ-ਵਾਲ ਬਚ ਗਿਆ ਸੀ ਤੇ ਮੌਕੇ ਉਤੇ ਇਕੱਤਰ ਲੋਕਾਂ ਅਨੁਸਾਰ ਅੱਜ ਮੁੜ ਮੋਟਰਸਾਈਕਲ ਉਤੇ ਆਏ 2 ਨੌਜਵਾਨਾਂ ਵਲੋਂ ਉਸ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਹੈ ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਰਮਦਾਸ ਦੀ ਪੁਲਸ ਵਲੋਂ ਮੌਕੇ ਉਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।