ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ, 3 ਗੰਭੀਰ ਜ਼ਖਮੀ

ਕਰਤਾਰਪੁਰ, 8 ਅਕਤੂਬਰ (ਭਜਨ ਸਿੰਘ)-ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਵਲੀਨੋ ਕਾਰ ਸਵਾਰ 5 ਵਿਅਕਤੀ ਕਰਤਾਰਪੁਰ-ਦਿਆਲਪੁਰ ਵਿਚਕਾਰ ਜੀ. ਟੀ. ਰੋਡ ਅੰਮ੍ਰਿਤਸਰ ਨੂੰ ਜਾ ਰਹੇ ਟਰੱਕ ਵਲੋਂ ਅੱਗਿਓਂ ਬਰੇਕ ਲਗਾਏ ਜਾਣ ਕਾਰਨ ਕਾਰ ਸਰੀਏ ਨਾਲ ਲੱਦੇ ਟਰੱਕ ਥੱਲੇ ਜਾ ਵੜੀ, ਜਿਸ ਨਾਲ ਕਾਰ ਸਵਾਰ ਵਿਅਕਤੀਆਂ ਦੇ ਸਰੀਏ ਸਰੀਰ ਦੇ ਆਰ-ਪਾਰ ਹੋ ਗਏ। ਇਸ ਦੌਰਾਨ 2 ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਵਲੋਂ ਬੜੀ ਮੁਸ਼ੱਕਤ ਨਾਲ ਬਾਹਰ ਕੱਢ ਕੇ ਇਕ ਨੂੰ ਅੰਮ੍ਰਿਤਸਰ ਤੇ 2 ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਚਾਂਦ (22) ਪੁੱਤਰ ਅਨਿਲ ਕੁਮਾਰ, ਨਿਖਿਲ ਸ਼ਰਮਾ (21) ਪੁੱਤਰ ਸੁਦੇਸ਼ ਸ਼ਰਮਾ ਦੀ ਮੌਕੇ ਉਤੇ ਮੌਤ ਹੋ ਗਈ ਹੈ ਜਦਕਿ ਸ਼ੁਭਮ ਪੁੱਤਰ ਮੋਹਣ ਲਾਲ, ਕੋਹਲੀ ਅਤੇ ਰੁਦਰਾ ਸਾਰੇ ਅੰਮ੍ਰਿਤਸਰ ਨਿਵਾਸੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਫਰਾਰ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।