ਸੰਤ ਸੀਚੇਵਾਲ ਵਲੋਂ ਚਾਰ ਪਿੰਡਾਂ ਨੂੰ ਪਾਣੀ ਦੇ ਟੈਂਕਰ ਭੇਟ

ਸੁਲਤਾਨਪੁਰ ਲੋਧੀ, 8 ਅਕਤੂਬਰ (ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡਾਂ ਵਿਚੋਂ 14 ਲੱਖ 63 ਹਜ਼ਾਰ ਰੁਪਏ ਤੋਂ ਵੱਧ ਦੀ ਗ੍ਰਾਂਟ ਜਾਰੀ ਕਰਕੇ ਚਾਰ ਪਿੰਡਾਂ ਨੂੰ ਪਾਣੀ ਦੇ ਟੈਂਕਰ ਸੌਂਪੇ ਹਨ। ਇਹ 5-5 ਹਜ਼ਾਰ ਲੀਟਰ ਸਮਰੱਥਾ ਵਾਲੇ ਟੈਂਕਰ ਵਾਤਾਵਰਣ ਸੰਭਾਲ ਅਤੇ ਪਿੰਡਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਜਿਨ੍ਹਾਂ ਪਿੰਡਾਂ ਨੂੰ ਇਹ ਟੈਂਕਰ ਦਿੱਤੇ ਗਏ ਹਨ, ਉਨ੍ਹਾਂ ਵਿਚ ਜੈਨਪੁਰ, ਸ਼ਾਹਵਾਲਾ ਅੰਦਰੀਸਾ, ਹੈਬਤਪੁਰ ਅਤੇ ਤਲਵੰਡੀ ਚੌਧਰੀਆਂ ਹਨ। ਇਨ੍ਹਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਟੈਂਕਰ ਪਿੰਡਾਂ ਦੇ ਸਾਂਝੇ ਸਮਾਗਮਾਂ ਵਿਚ ਵਰਤੇ ਜਾਣਗੇ।
5 ਹਜ਼ਾਰ ਲੀਟਰ ਸਮਰੱਥਾ ਵਾਲੇ ਇਹ ਟੈਂਕਰ ਪਿੰਡਾਂ ਅਤੇ ਆਲੇ-ਦੁਆਲੇ ਲਗਾਏ ਬੂਟਿਆਂ ਨੂੰ ਪਾਣੀ ਦੇਣ ਦੇ ਨਾਲ-ਨਾਲ ਵੱਖ-ਵੱਖ ਸਮਾਗਮਾਂ ਦੌਰਾਨ ਪਾਣੀ ਦੀ ਲੋੜ ਪੂਰੀ ਕਰਨ ਵਿਚ ਸਹਾਇਕ ਰਹਿਣਗੇ। ਪਿੰਡ ਤਲਵੰਡੀ ਚੌਧਰੀਆਂ ਦੇ ਸਰਪੰਚ ਬਲਵਿੰਦਰ ਸਿੰਘ ਨੇ ਸੰਤ ਸੀਚੇਵਾਲ ਜੀ ਦਾ ਸਨਮਾਨ ਕਰਦਿਆਂ ਕਿਹਾ ਕਿ ਪਾਣੀ ਵਾਲੇ ਟੈਂਕਰ ਦੀ ਲੋੜ ਪੂਰੀ ਕਰਕੇ ਪਿੰਡ ਵਾਸੀਆਂ ਦੀ ਵੱਡੀ ਸਹਾਇਤਾ ਕੀਤੀ ਗਈ ਹੈ, ਜਿਸ ਨਾਲ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਵਲੋਂ ਹੜ੍ਹਾਂ ਦੌਰਾਨ ਵੀ ਪਹਿਲੇ ਦਿਨ ਤੋਂ ਜਿਸ ਤਰ੍ਹਾਂ ਨਾਲ ਪੀੜਤਾਂ ਦੀ ਸਹਾਇਤਾ ਵਿਚ ਲੱਗੇ ਹੋਏ ਹਨ, ਉਹ ਸ਼ਲਾਘਾਯੋਗ ਹੈ।
ਇਸ ਮੌਕੇ ਉਨ੍ਹਾਂ ਸਮੁੱਚੇ ਨਗਰ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਲਈ 50 ਹਜ਼ਾਰ ਦੀ ਸੇਵਾ ਵੀ ਦਿੱਤੀ। ਪਿੰਡ ਸ਼ਾਹਵਾਲਾ ਅੰਦਰੀਸਾ ਦੇ ਸਰਪੰਚ ਜੋਗਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਵਿਚ ਕਈ ਰਾਜਨੀਤਿਕ ਆਗੂ ਵੇਖੇ ਹਨ ਪਰ ਸੰਤ ਸੀਚੇਵਾਲ ਜੀ ਵਾਂਗ ਇੰਨੀ ਸੰਜੀਦਗੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ ਵਾਲਾ ਕੋਈ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਇੰਨੇ ਵੱਡੇ ਅਹੁਦੇ ਉਤੇ ਹੁੰਦਿਆਂ ਹੋਇਆਂ ਵੀ ਲੋਕਾਂ ਵਿਚ ਆਮ ਹੀ ਵਿਚਰ ਰਹੇ ਹਨ। ਪਿੰਡ ਜੈਨਪੁਰ ਦੇ ਸਰਪੰਚ ਮੇਜਰ ਸਿੰਘ ਅਤੇ ਪਿੰਡ ਹੈਬਤਪੁਰ ਦੇ ਸਰਪੰਚ ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਨੂੰ ਪਾਣੀ ਦੇ ਟੈਂਕਰ ਦੀ ਬਹੁਤ ਜ਼ਰੂਰਤ ਸੀ। ਹਰ ਸਾਲ ਵੱਡੇ ਪੱਧਰ ਉਤੇ ਸਮਾਗਮਾਂ ਦੌਰਾਨ ਪਾਣੀ ਦੀ ਕਮੀ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਹਰ ਸਾਲ ਲਗਾਏ ਗਏ ਪੌਦੇ ਵੀ ਪਾਣੀ ਦੀ ਘਾਟ ਕਾਰਨ ਸੁੱਕ ਜਾਂਦੇ ਸਨ ਪਰ ਹੁਣ ਇਨ੍ਹਾਂ ਟੈਂਕਰਾਂ ਨਾਲ ਸਾਰੇ ਬੂਟੇ ਬਚ ਸਕਣਗੇ। ਇਸ ਮੌਕੇ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਸਮੇਤ ਪਿੰਡਾਂ ਦੀਆਂ ਹੋਰ ਪ੍ਰਮੁੱਖ ਹਸਤੀਆਂ ਵੀ ਹਾਜ਼ਰ ਸਨ।