ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਪਿਸਤੌਲ ਸਣੇ ਕਾਬੂ

ਡੇਰਾ ਬਾਬਾ ਨਾਨਕ, 8 ਅਕਤੂਬਰ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਪੁਲਿਸ ਵਲੋਂ ਬੀਤੇ ਦਿਨੀਂ ਨਜ਼ਦੀਕੀ ਪਿੰਡ ਧਰਮਕੋਟ ਰੰਧਾਵਾ ਵਿਖੇ ਬੌਬੀ ਹਾਰਡਵੇਅਰ ਦੁਕਾਨ ਉਤੇ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਨੂੰ ਪਿਸਤੌਲ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਬ-ਇੰਸਪੈਕਟਰ ਇਕਬਾਲ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪਿੰਡ ਧਰਮਕੋਟ ਰੰਧਾਵਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫਿਰੌਤੀ ਨੂੰ ਲੈ ਕੇ ਦੁਕਾਨ ਉਤੇ ਗੋਲੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਦੁਕਾਨ ਦੇ ਮਾਲਕ ਦਿਨੇਸ਼ ਬੌਬੀ ਦੇ ਬਿਆਨਾਂ ਦੇ ਆਧਾਰ ਉਤੇ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਐਸ. ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਵਲੋਂ ਡੇਰਾ ਬਾਬਾ ਨਾਨਕ ਨਜ਼ਦੀਕ ਦੌਰਾਨੇ ਗਸ਼ਤ 2 ਨੌਜਵਾਨਾਂ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਕਰਨਦੀਪ ਮਸੀਹ ਪਿੰਡ ਗੁਰਚੱਕ ਤੇ ਰਾਜਬੀਰ ਪਿੰਡ ਧਰਮਕੋਟ ਪੱਤਨ ਵਜੋਂ ਹੋਈ ਹੈ। ਪੁਲਿਸ ਵਲੋਂ ਉਕਤ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।