ਪਹਾੜਾਂ ’ਚ ਮੀਂਹ ਤੇ ਬਰਫ਼ਬਾਰੀ, ਪੰਜਾਬ ’ਚ ਠੰਢ ਦੀ ਦਸਤਕ

ਚੰਡੀਗੜ੍ਹ, 11 ਅਕਤੂਬਰ- ਪੰਜਾਬ ਵਿਚ 16 ਅਕਤੂਬਰ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਵਿਚ 0.7 ਡਿਗਰੀ ਵਾਧੇ ਦੇ ਬਾਵਜੂਦ, ਰਾਜ ਦਾ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ ਹੈ। ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਹਾਲ ਹੀ ਵਿਚ ਪਹਾੜਾਂ ਵਿਚ ਹੋਈ ਬਾਰਿਸ਼ ਅਤੇ ਬਰਫ਼ਬਾਰੀ ਰਾਜ ਵਿਚ ਠੰਢ ਦਾ ਕਾਰਨ ਬਣਾਇਆ ਹੈ।
ਪੰਜਾਬ ਵਿਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਚ 32.5 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ 29.7 ਡਿਗਰੀ, ਲੁਧਿਆਣਾ ਵਿਚ 29.6 ਡਿਗਰੀ, ਪਟਿਆਲਾ ਵਿਚ 30.9 ਡਿਗਰੀ ਅਤੇ ਪਠਾਨਕੋਟ ਵਿਚ 30 ਡਿਗਰੀ ਦਰਜ ਕੀਤਾ ਗਿਆ। ਫਰੀਦਕੋਟ ਵਿਚ 30.4 ਡਿਗਰੀ, ਗੁਰਦਾਸਪੁਰ ਵਿਚ 27 ਡਿਗਰੀ ਅਤੇ ਐਸ.ਬੀ.ਐਸ. ਨਗਰ ਵਿਚ 29 ਡਿਗਰੀ ਦਰਜ ਕੀਤਾ ਗਿਆ। ਸ਼ਹਿਰ ਵਿਚ ਸਭ ਤੋਂ ਘੱਟ ਤਾਪਮਾਨ ਅਬੋਹਰ ਵਿਚ 12.5 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਨੁਸਾਰ ਇਸ ਹਫ਼ਤੇ 16 ਅਕਤੂਬਰ ਤੱਕ ਪੰਜਾਬ ਵਿਚ ਕਿਤੇ ਵੀ ਮੀਂਹ ਪੈਣ ਦੀ ਉਮੀਦ ਨਹੀਂ ਹੈ। ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ 28-30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਬਾਕੀ ਰਾਜ ਵਿਚ ਵੱਧ ਤੋਂ ਵੱਧ ਤਾਪਮਾਨ 30-32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇਸ ਹਫ਼ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ।