ਕਰੀਬ 16 ਘੰਟਿਆਂ ਬਾਅਦ ਮੁੜ ਸ਼ੁਰੂ ਹੋਇਆ ਅਖਿਲੇਸ਼ ਯਾਦਵ ਦਾ ਫੇਸਬੁੱਕ ਪੇਜ

ਲਖਨਊ, 11 ਅਕਤੂਬਰ- ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਫੇਸਬੁੱਕ ਪੇਜ ਕਰੀਬ 16 ਘੰਟਿਆਂ ਬਾਅਦ ਮੁੜ ਸਰਗਰਮ ਹੋ ਗਿਆ ਹੈ। ਸਪਾ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਦੱਸਿਆ ਹੈ। ਦਰਅਸਲ ਸਪਾ ਮੁਖੀ ਦਾ ਫੇਸਬੁੱਕ ਪੇਜ ਸ਼ੁੱਕਰਵਾਰ ਸ਼ਾਮ 6 ਵਜੇ ਦੇ ਕਰੀਬ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਬੰਦ ਕਰ ਦਿੱਤਾ ਗਿਆ ਸੀ। ਸ਼ੁਰੂ ਵਿਚ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਇਕ ਤਕਨੀਕੀ ਗਲਤੀ ਹੋ ਸਕਦੀ ਹੈ। ਹਾਲਾਂਕਿ ਪਲੇਟਫਾਰਮ ਤੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਤੋਂ ਬਾਅਦ ਸਪਾ ਆਗੂਆਂ ਨੇ ਇਸ ਨੂੰ ਜਾਣਬੁੱਝ ਕੇ ਕੀਤਾ ਗਿਆ ਕੰਮ ਕਿਹਾ।
ਫੇਸਬੁੱਕ ਪੇਜ ਦੁਬਾਰਾ ਖੁੱਲ੍ਹਣ ਤੋਂ ਬਾਅਦ ਸਪਾ ਮੁਖੀ ਦੀ ਪਹਿਲੀ ਪੋਸਟ ਵਿਚ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਦਾ ਇਕ ਹਵਾਲਾ ਲਿਖ ਕੇ ਉਨ੍ਹਾਂ ਦੀ ਯਾਦ ਵਿਚ ਲਿਖਿਆ ਗਿਆ। ਉਨ੍ਹਾਂ ਲਿਖਿਆ ਕਿ ਪੂਰੀ ਕ੍ਰਾਂਤੀ ਤੋਂ ਮੇਰਾ ਮਤਲਬ ਸਮਾਜ ਦੇ ਸਭ ਤੋਂ ਦੱਬੇ-ਕੁਚਲੇ ਵਿਅਕਤੀ ਨੂੰ ਸੱਤਾ ਦੇ ਸਿਖਰ ’ਤੇ ਦੇਖਣਾ ਹੈ। ਅਖਿਲੇਸ਼ ਨੇ ਪੇਜ ਦੇ ਬੰਦ ਹੋਣ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਸਪਾ ਸੂਤਰਾਂ ਅਨੁਸਾਰ ਇਸ ਮਾਮਲੇ ਸੰਬੰਧੀ ਫੇਸਬੁੱਕ ਨੂੰ ਇਕ ਈਮੇਲ ਭੇਜੀ ਗਈ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕਿਸੇ ਰਾਜਨੀਤਕ ਵਿਰੋਧੀ ਨੇ ਫੇਸਬੁੱਕ ਨੂੰ ਸਮੱਗਰੀ ਬਾਰੇ ਸ਼ਿਕਾਇਤ ਕੀਤੀ ਹੋਵੇ।