ਅੱਜ ਹੋ ਸਕਦਾ ਹੈ ਆਈ.ਪੀ.ਐਸ. ਪੂਰਨ ਕੁਮਾਰ ਦਾ ਅੰਤਿਮ ਸੰਸਕਾਰ- ਸੂਤਰ

ਚੰਡੀਗੜ੍ਹ, 15 ਅਕਤੂਬਰ- ਹਰਿਆਣਾ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਦਾ ਅੱਜ ਨੌਵਾਂ ਦਿਨ ਹੈ। ਡੀ.ਜੀ.ਪੀ. ਸ਼ਤਰੂਘਨ ਕਪੂਰ ਦੀ ਛੁੱਟੀ ਤੋਂ ਬਾਅਦ ਅੱਜ ਪੋਸਟਮਾਰਟਮ ਹੋਣ ਦੀ ਉਮੀਦ ਹੈ। ਅੱਜ ਸਵੇਰ ਚੰਡੀਗੜ੍ਹ ਦੇ ਐਸ.ਐਸ.ਪੀ. ਕੰਵਰਦੀਪ ਕੌਰ ਮਰਹੂਮ ਆਈ.ਪੀ.ਐਸ. ਅਧਿਕਾਰੀ ਦੇ ਸੈਕਟਰ 24 ਸਥਿਤ ਨਿਵਾਸ ’ਤੇ ਉਨ੍ਹਾਂ ਦੀ ਆਈ.ਏ.ਐਸ. ਪਤਨੀ ਅਮਨੀਤ ਪੀ. ਕੁਮਾਰ ਦੀ ਸਹਿਮਤੀ ਲੈਣ ਲਈ ਪਹੁੰਚੇ ਹਨ।
51 ਮੈਂਬਰੀ ਕਮੇਟੀ ਨੇ ਪੋਸਟਮਾਰਟਮ ਸੰਬੰਧੀ ਫੈਸਲਾ ਪੂਰਨ ਕੁਮਾਰ ਦੇ ਪਰਿਵਾਰ ’ਤੇ ਛੱਡ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਪ੍ਰੋ. ਜੈਨਾਰਾਇਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਅਨੁਸਾਰ, ਹਰਿਆਣਾ ਸਰਕਾਰ ਨੇ ਡੀ.ਜੀ.ਪੀ. ਨੂੰ ਛੁੱਟੀ ’ਤੇ ਭੇਜ ਦਿੱਤਾ ਹੈ, ਜਦੋਂ ਕਿ ਰੋਹਤਕ ਦੇ ਐਸ.ਪੀ. ਨੂੰ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ।
ਕਮੇਟੀ ਹੁਣ ਮੰਗ ਕਰ ਰਹੀ ਹੈ ਕਿ ਚੰਡੀਗੜ੍ਹ ਪੁਲਿਸ ਨਿਰਪੱਖ ਜਾਂਚ ਕਰੇ। ਇਸ ਲਈ ਉਹ ਅੱਜ ਦੁਪਹਿਰ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਜਾਂਚ ਅੱਗੇ ਵਧਾਉਣ ਦੀ ਅਪੀਲ ਕਰਦੇ ਹੋਏ ਇਕ ਮੰਗ ਪੱਤਰ ਸੌਂਪਣਗੇ।
ਅਮਨੀਤ ਪੀ. ਕੁਮਾਰ ਅੱਜ ਚੰਡੀਗੜ੍ਹ ਵਿਚ ਲਾਸ਼ ਦੀ ਪਛਾਣ ਅਤੇ ਪੋਸਟਮਾਰਟਮ ਸੰਬੰਧੀ ਅਦਾਲਤ ਵਿਚ ਜਵਾਬ ਦਾਇਰ ਕਰਨ ਵਾਲੇ ਹਨ। ਇਕ ਦਿਨ ਪਹਿਲਾਂ ਮੰਗਲਵਾਰ ਨੂੰ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਸੰਬੰਧੀ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ ਕਿਹਾ ਕਿ ਜੇਕਰ ਪਰਿਵਾਰ ਨੇ ਜਵਾਬ ਨਹੀਂ ਦਿੱਤਾ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।