ਨਸ਼ੇ ਕਾਰਨ ਇਕ ਨੌਜਵਾਨ ਦੀ ਮੌਤ

ਹਠੂਰ, (ਲੁਧਿਆਣਾ), 15 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਨਜ਼ਦੀਕੀ ਪਿੰਡ ਰਸੂਲਪੁਰ ਵਿਖੇ ਚਿੱਟੇ ਦੇ ਨਸ਼ੇ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪਿਛਲੇ 4 ਸਾਲਾਂ ਤੋਂ ਚਿੱਟੇ ਨਸ਼ੇ ਦਾ ਆਦੀ ਸੀ ਅਤੇ ਹੌਲ਼ੀ ਹੌਲ਼ੀ ਉਹ ਚਿੱਟੇ ਦੇ ਟੀਕੇ ਲਾਉਣ ਲੱਗ ਗਿਆ ਅਤੇ ਬੀਤੀ ਕੱਲ੍ਹ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ, ਆਗੂ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਂਅ ਮਨਪ੍ਰੀਤ ਸਿੰਘ ਉਰਫ਼ ਘੁੱਗੀ ਹੈ ਅਤੇ ਉਹ ਗਿਆਨੀ ਗੁਰਮੇਲ ਸਿੰਘ ਦਾ ਪੁੱਤਰ ਹੈ। ਉਹ ਚਾਰ ਭਰਾ ਹਨ। ਵੱਡੇ ਦੋ ਭਰਾ ਮਲੇਸ਼ੀਆ ਅਤੇ ਕੈਨੇਡਾ ਰਹਿੰਦੇ ਹਨ ਅਤੇ ਦੋ ਭਰਾ ਇਥੇ ਰਹਿੰਦੇ ਸਨ ਅਤੇ ਦੋਨੋਂ ਹੀ ਚਿੱਟੇ ਨਸ਼ੇ ਦੇ ਆਦੀ ਸਨ।
ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ 5 ਸਾਲ ਪਹਿਲਾਂ ਬਿਲਕੁਲ ਠੀਕ ਸੀ, ਪਰ ਜਿਉਂ ਹੀ ਪਿੰਡ ਰਸੂਲਪੁਰ ਚਿੱਟੇ ਨਸ਼ੇ ਦਾ ਗੜ੍ਹ ਬਣਿਆ, ਉਹ ਪਿਛਲੇ ਚਾਰ ਸਾਲਾਂ ਤੋਂ ਇਸ ਦਾ ਆਦੀ ਹੋ ਗਿਆ। ਨਾਲ ਹੀ ਉਸਦਾ ਛੋਟਾ ਭਰਾ ਵੀ ਚਿੱਟਾ ਨਸ਼ਾ ਕਰਨ ਲੱਗਾ। ਦੋਵੇਂ ਹੀ ਚਿੱਟੇ ਦੇ ਟੀਕੇ ਲਾਉਣ ਲੱਗੇ, ਜਿਸ ਕਾਰਨ ਮਨਪ੍ਰੀਤ ਸਿੰਘ ਦੀ ਲੱਤ ਗਲ਼ ਗਈ ਅਤੇ ਛੋਟੇ ਦੀ ਬਾਂਹ ਖਰਾਬ ਹੋ ਗਈ ਅਤੇ ਦੋਵੇਂ ਹੀ ਪਿਛਲੇ ਦਿਨਾਂ ਤੋਂ ਮੰਜੇ ’ਤੇ ਸਨ। ਮਨਪ੍ਰੀਤ ਸਿੰਘ ਦੀ ਬੀਤੀ ਕੱਲ੍ਹ ਮੌਤ ਹੋ ਗਈ ਅਤੇ ਦੂਜੇ ਲੜਕੇ ਦੀ ਵੀ ਹਾਲਤ ਮਾੜੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਮਨਪ੍ਰੀਤ ਸਿੰਘ ਵਿਆਹਿਆ ਸੀ ਅਤੇ ਉਸਦੇ 11 ਤੋਂ 7 ਸਾਲ ਵਿਚਕਾਰ ਉਮਰ ਦੀਆਂ ਤਿੰਨ ਧੀਆਂ ਵੀ ਹਨ।