ਸਰਹੱਦੀ ਪਿੰਡ ਕੱਕੜ ਤੋਂ ਡਰੋਨ, ਪਿਸਤੌਲ ਤੇ ਜ਼ਿੰਦਾ ਰੋਂਦ ਬਰਾਮਦ

ਚੋਗਾਵਾਂ, (ਅੰਮ੍ਰਿਤਸਰ), 15 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ, ਡਰੋਨਾਂ ਰਾਹੀਂ ਅਸਲਾ ਭੇਜ ਕੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਪਰ ਫੌਜ ਦੇ ਜਵਾਨਾਂ ਵਲੋਂ ਸਰਹੱਦ ’ਤੇ ਬਾਜ ਅੱਖ ਰੱਖ ਕੇ ਪਾਕਿਸਤਾਨ ਦੀਆਂ ਕੋਝੀਆਂ ਹਰਕਤਾਂ ਨੂੰ ਨਾ-ਕਾਮਯਾਬ ਕੀਤਾ ਜਾ ਰਿਹਾ ਹੈ। ਬੀਤੀ ਰਾਤ 100 ਬਟਾਲੀਅਨ ਰੀਅਰ ਕੱਕੜ ਫੌਜ ਦੇ ਜਵਾਨਾਂ ਵਲੋਂ ਗਸ਼ਤ ਦੌਰਾਨ ਸਰਹੱਦੀ ਪਿੰਡ ਕੱਕੜ ਤੋਂ ਇਕ ਪਾਕਿਸਤਾਨੀ ਡਰੋਨ, ਪਿਸਟਲ, ਮੈਗਜ਼ੀਨ ਸਮੇਤ ਜ਼ਿੰਦਾ ਰੋਂਦ ਬਰਾਮਦ ਕਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੀ.ਐਸ.ਐਫ਼. ਦੇ ਜਵਾਨਾਂ ਨੂੰ ਗਸ਼ਤ ਦੌਰਾਨ ਇਕ ਛੋਟਾ ਡਰੋਨ, ਦੋ ਮੈਗਜ਼ੀਨ, 6 ਜ਼ਿੰਦਾ ਰੋਂਦ ਬਰਾਮਦ ਹੋਏ। ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਡਰੋਨ ਤੇ ਹਥਿਆਰਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬਰਾਮਦ ਡਰੋਨ, ਪਿਸਟਲ ਤੇ ਮੈਗਜ਼ੀਨ ਨੂੰ ਥਾਣਾ ਲੋਪੋਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।