ਖੇਤਾਂ ਵਿਚੋਂ ਬਿਜਲੀ ਟਰਾਂਸਫਾਰਮਰ ਚੋਰੀ ਕਰਨ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ ਚੋਰੀ ਕੀਤੇ ਗਏ ਟਰਾਂਸਫਾਰਮਰ ਵੀ ਕੀਤੇ ਬਰਾਮਦ

ਸੰਗਤ ਮੰਡੀ (ਬਠਿੰਡਾ) 15 ਅਕਤੂਬਰ (ਦੀਪਕ ਸ਼ਰਮਾ) - ਬਠਿੰਡਾ ਬਾਦਲ ਰੋਡ 'ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਖੇਤਾਂ ਵਿਚੋਂ ਬਿਜਲੀ ਟਰਾਂਸਫਾਰਮਰ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਲੱਗੇ ਟਰਾਂਸਫਾਰਮਰ ਚੋਰੀ ਹੋ ਰਹੇ ਸਨ ਤੇ ਪੁਲਿਸ ਚੋਰਾਂ ਦੀ ਭਾਲ ਵਿਚ ਸੀ। ਪੁਲਿਸ ਪਿੰਡ ਝੁੰਬਾ ਕੋਲ ਮੌਜੂਦ ਸੀ ਤਾਂ ਖ਼ਾਸ ਮੁਖਬਰ ਨੇ ਮੁਖਬਰੀ ਦਿੱਤੀ ਕਿ ਖੇਤਾਂ ਵਿਚੋਂ ਟ੍ਰਾਂਸਫਾਰਮਰ ਚੋਰੀ ਕਰਨ ਵਾਲੇ ਦੋ ਵਿਅਕਤੀ ਇਲਾਕੇ ਵਿਚ ਟਰਾਂਸਫਾਰਮਰ ਲੈ ਕੇ ਘੁੰਮ ਰਹੇ ਹਨ, ਜਿਨ੍ਹਾਂ ਕੋਲ ਇਕ ਚੋਰੀ ਕੀਤਾ ਟਰਾਂਸਫਾਰਮਰ ਵੀ ਮੌਜੂਦ ਹੈ। ਸੂਚਨਾ ਮਿਲਣ 'ਤੇ ਪੁਲਿਸ ਨੇ ਮੁਸਤੈਦੀ ਵਰਤਦੇ ਹੋਏ ਇਨ੍ਹਾਂ ਨੂੰ ਕਾਬੂ ਕਰ ਲਿਆ। ਸਹਾਇਕ ਥਾਣੇਦਾਰ ਨੇ ਦੱਸਿਆ ਹੈ ਕਿ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਭੁਪਿੰਦਰ ਸਿੰਘ ਖੋਖਰ ਰੋਡ ਜ਼ਿਲ੍ਹਾ ਮਾਨਸਾ ਅਤੇ ਰਾਜੂ ਸਿੰਘ ਪਿੰਡ ਜਗਾ ਰਾਮ ਤੀਰਥ ਜ਼ਿਲਾ ਬਠਿੰਡਾ ਦੇ ਤੌਰ 'ਤੇ ਹੋਈ ਹੈ, ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਨੰਦਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ।