ਆਈ. ਪੀ. ਐੱਸ. ਵਾਈ. ਪੂਰਨ ਕੁਮਾਰ ਦਾ 9 ਵੇਂ ਦਿਨ ਪੋਸਟਮਾਰਟਮ ਹੋਇਆ ਸ਼ੁਰੂ

ਚੰਡੀਗੜ੍ਹ, 15 ਅਕਤੂਬਰ (ਕਪਿਲ ਵਧਵਾ)- ਹਰਿਆਣਾ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਲਾਸ਼ ਦਾ ਪੋਸਟਮਾਰਟ 9ਵੇਂ ਦਿਨ ਅੱਜ ਹੋ ਰਿਹਾ ਹੈ। ਦੱਸ ਦਈਏ ਕਿ 7 ਅਕਤੂਬਰ ਨੂੰ ਅਧਿਕਾਰੀ ਨੇ ਚੰਡੀਗੜ੍ਹ ਦੇ ਸੈਕਟਰ-11 ਵਿਖੇ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਇਸ ਘਟਨਾ ਮੌਕੇ ਉਨ੍ਹਾਂ ਦੀ ਪਤਨੀ ਆਈ. ਏ. ਐੱਸ. ਅਮਨੀਤ ਪੀ. ਕੁਮਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੇ ਜਾਪਾਨ ਦੇ ਦੌਰੇ ਦੇ ਵਫ਼ਦ ਨਾਲ ਸੀ।
ਖੁਦਕੁਸ਼ੀ ਤੋਂ ਅਗਲੇ ਦਿਨ ਉਹ ਵਾਪਸ ਪਰਤੇ, ਉਨ੍ਹਾਂ ਨੇ ਅਧਿਕਾਰੀ ਵਲੋਂ ਛੱਡੇ ਗਏ ਖੁਦਕੁਸ਼ੀ ਨੋਟ ’ਤੇ ਉਨ੍ਹਾਂ ਦੀ ਮੌਤ ਲਈ ਜਿੰਮੇਵਾਰ ਲੋਕਾਂ ਦਾ ਮੁੱਦਾ ਚੁੱਕਿਆ। ਇਨ੍ਹਾਂ ਦਿਨਾਂ ਵਿਚ ਮਰਹੂਮ ਅਧਿਕਾਰੀ ਦੀ ਪਤਨੀ ਨੇ ਡੀ. ਜੀ. ਪੀ. ਸ਼ਤਰੂਜੀਤ ਕਪੂਰ ਅਤੇ ਐੱਸ. ਪੀ. ਨਰੇਂਦਰ ਬਿਜਾਰਨੀਆ ਦੀ ਗਿ੍ਰਫ਼ਤਾਰੀ ਦੀ ਮੰਗ ਰੱਖੀ। ਪਰ ਸਰਕਾਰ ਨੇ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਉਹਨਾਂ ਦੇ ਅਹੁਦੇ ਤੋਂ ਤਾਂ ਹਟਾ ਦਿੱਤਾ ਪਰ ਗ੍ਰਿਫਤਾਰੀ ਅਜੇ ਨਹੀਂ ਹੋ ਸਕੀ ਹੈ। ਬੀਤੇ ਦਿਨੀ ਚੰਡੀਗੜ੍ਹ ਪੁਲਿਸ ਵਲੋਂ ਪੋਸਟਮਾਰਟਮ ਕਰਵਾਉਣ ਲਈ ਅਦਾਲਤ ਦਾ ਰੁੱਖ ਕਰਨ ਉਪਰੰਤ ਅੱਜ ਮ੍ਰਿਤਕ ਦੇ ਪਰਿਵਾਰ ਵਲੋਂ ਪੋਸਟਮਾਰਟਮ ਲਈ ਸਹਿਮਤੀ ਦਿੱਤੀ ਗਈ।
ਇਹ ਪੋਸਟਮਾਰਟਮ ਮੈਜਿਸਟਰੇਟ ਅਤੇ ਬਲਿਸਟਿਕ ਮਾਹਿਰ ਦੀ ਦੇਖਰੇਖ ਵਿਚ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਆਉਣ ’ਤੇ ਜਲਦ ਹੀ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।