ਵਾਇਰਲ ਵੀਡੀਓ ਮਾਮਲਾ : ਜਗਮਨ ਸਮਰਾ ਦੇ ਪਰਿਵਾਰ ਨਾਲ ਸੰਬੰਧਿਤ 3 ਗ੍ਰਿਫ਼ਤਾਰ, ਪਿੰਡ 'ਚ ਰੋਸ
ਭਵਾਨੀਗੜ੍ਹ, 25 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਫੱਗੂਵਾਲਾ ਦੇ ਜੰਮਪਲ ਕੈਨੇਡਾ ਦੇ ਸਿਟੀਜ਼ਨ ਜਗਮਨ ਸਮਰਾ ਵਲੋਂ ਮੁੱਖ ਮੰਤਰੀ ਦੀ ਕਥਿਤ ਤੌਰ ’ਤੇ ਵਾਇਰਲ ਕੀਤੀ ਵੀਡੀਓ ਉਪਰੰਤ ਮੂਣਕ ਥਾਣੇ ਵਿਚ 2021 ਵਿਚ ਦਰਜ ਹੋਇਆ ਮਾਮਲਾ ਜੋ ਜਗਮਨ ਸਮਰਾ ’ਤੇ ਸੀ, ਵਿਚ ਉਨ੍ਹਾਂ ਦੇ ਚਾਚੇ ਦੇ 2 ਲੜਕਿਆਂ ਸਮੇਤ ਕਰੀਬ 25 ਸਾਲ ਪਿੰਡ ਦੇ ਸਰਪੰਚ ਰਹੇ ਟਕਸਾਲੀ ਅਕਾਲੀ ਆਗੂ ਸਵ: ਉਜਾਗਰ ਸਿੰਘ ਦੇ ਪੋਤਰੇ ਨੂੰ ਨਾਮਜ਼ਦ ਕਰਨ ਦੇ ਦੋਸ਼ ਲਗਾਉਂਦਿਆਂ ਅਕਾਲੀ ਆਗੂਆਂ ਅਤੇ ਪਿੰਡ ਵਾਸੀਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਕਿ ਪਿੰਡ ਦੇ 25 ਸਾਲ ਸਰਪੰਚ ਰਹੇ ਟਕਸਾਲੀ ਅਕਾਲੀ ਆਗੂ ਸਵ: ਉਜਾਗਰ ਸਿੰਘ ਦੇ ਪੋਤਰੇ ਰਵੀਇੰਦਰ ਸਿੰਘ ਪੁੱਤਰ ਸਵ: ਜਗਦੇਵ ਸਿੰਘ, ਸਮਰਾ ਦੇ ਚਾਚੇ ਦੇ ਲੜਕੇ ਰੁਪਿੰਦਰ ਸਿੰਘ ਰੋਮੀ ਅਤੇ ਜਸਵਿੰਦਰ ਸਿੰਘ ਜੱਸੀ ਪੁੱਤਰਾਨ ਸਵ: ਉਜਿੰਦਰ ਸਿੰਘ ਵਲੋਂ ਵਾਇਰਲ ਕੀਤੀਆਂ ਵੀਡੀਓਜ਼ ਅਤੇ ਦਰਜ ਕੇਸਾਂ ਨਾਲ ਕੋਈ ਸੰਬੰਧ ਨਹੀਂ। ਉਨ੍ਹਾਂ ਕਿਹਾ ਕਿ ਤਿੰਨੇ ਨੌਜਵਾਨਾਂ ਦੇ ਪਿਤਾ ਦੀ ਪਹਿਲਾਂ ਹੀ ਇਕ ਹਾਦਸੇ ਵਿਚ ਮੌਤ ਹੋ ਚੁੱਕੀ ਹੈ, ਇਹ ਆਪ ਹੀ ਮਿਹਨਤ ਕਰਦਿਆਂ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ।
ਪੁਲਿਸ ਵਲੋਂ ਬਿਨ੍ਹਾਂ ਵਜ੍ਹਾ ਇਨ੍ਹਾਂ ਨੂੰ ਅਤੇ ਪਰਿਵਾਰਾਂ ਨੂੰ ਕੇਸਾਂ ਵਿਚ ਉਲਝਾਅ ਕੇ ਇਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦੀ ਜਿੰਨੀ ਨਿਖ਼ੇਧੀ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਜੇਕਰ ਜਗਮਨ ਸਮਰਾ ਨੇ ਕੋਈ ਗਲਤੀ ਕੀਤੀ ਹੈ ਤਾਂ ਪੁਲਿਸ ਉਸ ’ਤੇ ਕਾਰਵਾਈ ਕਰੇ, ਪਰਿਵਾਰਾਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਹੈ? ਉਨ੍ਹਾਂ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਇਨ੍ਹਾਂ ਨੂੰ ਨਾ ਛੱਡਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਡਾ ਸੰਘਰਸ਼ ਕਰੇਗਾ, ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚਣਗੇ। ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਬਹਿਲਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਪੁਲਿਸ ਦੇ ਇਕ ਵੱਡੇ ਅਧਿਕਾਰੀ ਨੇ ਭਵਾਨੀਗੜ੍ਹ ਥਾਣੇ ਬੁਲਾ ਕੇ ਇਨ੍ਹਾਂ ਤੋਂ ਪੁੱਛਗਿੱਛ ਕਰਕੇ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਪਰ ਬੀਤੇ ਦਿਨੀਂ ਰਵੀਇੰਦਰ ਸਿੰਘ ਅਤੇ ਰੁਪਿੰਦਰ ਸਿੰਘ ਰੋਮੀ ਨੂੰ ਘਰ ਵਿਚ ਕੰਮ ਕਰਦਿਆਂ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਆ ਕੇ ਅਤੇ ਜਸਵਿੰਦਰ ਸਿੰਘ ਜੱਸੀ ਜੋ ਕਿ ਆਪਣੇ ਟਰੱਕ ’ਤੇ ਅਮਲੋਹ ਵਲੋਂ ਆ ਰਿਹਾ ਸੀ, ਨੂੰ ਰਾਹ ਵਿਚ ਟਰੱਕ ਅੱਗੇ ਕਥਿਤ ਤੌਰ ’ਤੇ ਗੱਡੀ ਲਗਾ ਕੇ ਰੋਕਦਿਆਂ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਹੁਣ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਪਰਿਵਾਰ ਵੀ ਘਰਾਂ ਨੂੰ ਜਿੰਦਰੇ ਲਗਾ ਕੇ ਕਿਤੇ ਚਲੇ ਗਏ ਹਨ। ਉਕਤ ਤੋਂ ਇਲਾਵਾ ਇਕਬਾਲਜੀਤ ਸਿੰਘ ਪੂਨੀਆ, ਸੁਖਬੀਰ ਸਿੰਘ ਪੂਨੀਆ, ਡਾ. ਕਰਨਵੀਰ ਸਿੰਘ, ਰੁਪਿੰਦਰ ਸਿੰਘ ਰੰਧਾਵਾ, ਗੋਲਡੀ ਤੂਰ, ਗਮਦੂਰ ਸਿੰਘ ਫੱਗੂਵਾਲਾ, ਗੁਰਨੈਬ ਸਿੰਘ ਘਰਾਚੋਂ, ਨੈਬ ਸਿੰਘ ਫੱਗੂਵਾਲਾ, ਜਗਜੀਤ ਸਿੰਘ ਜੱਗੀ ਸੰਗਤਪੁਰਾ, ਭਰਪੂਰ ਸਿੰਘ ਫੱਗੂਵਾਲਾ, ਸੁਖਮਨ ਸਿੰਘ ਬਰਾੜ, ਦਿਆਕਰਨ ਸਿੰਘ, ਮਨਜੀਤ ਸਿੰਘ,ਹਰਵਿੰਦਰ ਸਿੰਘ, ਟਹਿਲ ਸਿੰਘ, ਕਰਨੈਲ ਸਿੰਘ ਤੋਂ ਇਲਾਵਾ ਭਾਜਪਾ ਆਗੂ ਅਰਵਿੰਦ ਖੰਨਾ ਦੇ ਸਿਆਸੀ ਸਕੱਤਰ ਸਰਬਜੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।
;
;
;
;
;
;
;
;