ਈ-ਮੰਡੀਕਰਨ ਪੋਰਟਲ ’ਤੇ ਗੁਆਚਿਆ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ
ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 26 ਅਕਤੂਬਰ (ਇਕਬਾਲ ਸਿੰਘ ਸ਼ਾਂਤ) - ਪੰਜਾਬ ਮੰਡੀ ਬੋਰਡ ਦੇ ਈ-ਮੰਡੀਕਰਨ ਪੋਰਟਲ ’ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਗੁਆਚ ਗਿਆ ਹੈ, ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਝੋਨਾ ਫ਼ਸਲ ਦੇ ਬਿੱਲ ਨਹੀਂ ਬਣ ਰਹੇ ਅਤੇ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਫ਼ਸਲ ਰਕਮ ਫਸ ਕੇ ਰਹਿ ਗਈ ਹੈ। ਇਸ ਦੇ ਚੱਲਦਿਆਂ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਝੋਨਾ ਅਣਵਿਕਿਆ ਪਿਆ ਹੈ। ਗਾਇਬ ਰਕਬੇ ਦੇ ਪੀੜਤ ਕਿਸਾਨ ਕਾਫ਼ੀ ਪਰੇਸ਼ਾਨੀ ਵਿਚ ਹਨ।
ਪਿੰਡ ਕਿਲਿਆਂਵਾਲੀ ਦਾ ਰਕਬਾ ਕਰੀਬ 5000 ਏਕੜ ਅਤੇ ਪਿੰਡ ਵੜਿੰਗਖੇੜਾ ਦਾ ਰਕਬਾ ਲਗਭਗ ਚਾਰ ਹਜ਼ਾਰ ਏਕੜ ਹੈ। ਹਾਲਾਂਕਿ ਇਹ ਰਕਬਾ ਮਾਲ ਵਿਭਾਗ ਦੇ ਵੈੱਬ-ਪੋਰਟਲ ’ਤੇ ਮੌਜੂਦ ਹੈ। ਇਸ ਸੰਬੰਧੀ ਖ਼ੁਲਾਸਾ ਆੜ੍ਹਤੀਆਂ ਵਲੋਂ ਝੋਨਾ ਫ਼ਸਲ ਦੇ ਬਿੱਲ ਬਣਾਉਣ ਮੌਕੇ ਜ਼ਮੀਨ ਦਾ ਰਕਬਾ ਪੋਰਟਲ ’ਤੇ ਜ਼ਮੀਨ ਮੈਪ ਕਰਨ ਮੌਕੇ ਹੋਇਆ। ਆੜ੍ਹਤੀਆਂ ਮੁਤਾਬਕ ਪਿਛਲੇ ਸੀਜਨ 2024-25 ਵਿਚ ਲੈਂਡ ਮੈਪਿੰਗ ਦੌਰਾਨ ਇਹ ਰਕਬਾ ਪੂਰੀ ਤਰਾਂ ਪੋਰਟਲ ’ਤੇ ਦਰਜ ਸੀ। ਸੂਤਰਾਂ ਦਾ ਮੰਨਣਾ ਹੈ ਕਿ ਮਾਰਕਿਟ ਕਮੇਟੀ ਕਿੱਲਿਆਂਵਾਲੀ ਦਾ ਨਵਾਂ ਗਠਨ ਹੋਇਆ ਹੈ। ਉਸ ਦੇ ਬਾਅਦ ਨਵੀਂਆਂ ਅਧਿਕਾਰਕ ਆਈਡੀਆਂ ਵਗੈਰਾ ਬਣਨ ਦੌਰਾਨ ਇਸ ਸਾਲ (ਸਾਉਣੀ ਸੀਜਨ 2025-26) ਦੌਰਾਨ ਡਾਟਾ ਕਿਸੇ ਤਕਨੀਕੀ ਖਾਮੀ ਕਰਕੇ ਵਿਖਾਈ ਨਹੀਂ ਦੇ ਰਿਹਾ। ਪਿੰਡ ਕਿੱਲਿਆਂਵਾਲੀ ਦੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਫ਼ਸਲ ਤੁਲਾਈ ਹੋਏ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ, ਪਰ ਅਜੇ ਤੱਕ ਬਿੱਲ ਨਹੀਂ ਬਣਿਆ। ਉਹ ਆੜ੍ਹਤੀਏ ਅਤੇ ਮਾਰਕੀਟ ਕਮੇਟੀ ਦਫ਼ਤਰ ਦੇ ਗੇੜੇ ਲਗਾ ਰਹੇ ਹਨ। ਪਿੰਡ ਕਿੱਲਿਆਂਵਾਲੀ ਨਾਲ ਸੰਬੰਧਿਤ ਆੜ੍ਹਤੀਏ ਨੇ ਕਿਹਾ ਕਿ ਰਕਬਾ ਨਾ ਵਿਖਾਈ ਦੇਣ ਕਰਕੇ ਉਹ ਬਿੱਲ ਬਣਾਉਣ ਵਿੱਚ ਅਸਮੱਰਥ ਹਨ ਅਤੇ ਕਿਸਾਨਾਂ ਉਨਾਂ ’ਤੇ ਛੇਤੀ ਬਿੱਲ ਬਣਾਉਣ ਲਈ ਦਬਾਅ ਬਣਾ ਰਹੇ ਹਨ। ਜਦਕਿ ਸਾਰਾ ਮਾਮਲਾ ਮੰਡੀ ਬੋਰਡ ਦੇ ਆਈਟੀ ਵਿੰਗ ਪੱਧਰ ਦਾ ਹੈ।ਉਕਤ ਸਮੱਸਿਆ ਦੇ ਛੇਤੀ ਹੱਲ ਲਈ ਮਾਰਕੀਟ ਕਮੇਟੀ ਕਿੱਲਿਆਂਵਾਲੀ ਨੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ। ਪ੍ਰਭਾਵਿਤ ਕਿਸਾਨ ਗਾਇਬ ਰਕਬੇ ਦੀ ਖੋਜ਼ਬੀਨ ਤੇਜ਼ ਕਰਵਾਉਣ ਲਈ ਧਰਨਾ ਦੀ ਵਿਉਤ ਕਰ ਰਹੇ ਹਨ।
ਪੰਜਾਬ ਮੰਡੀ ਬੋਰਡ ਦੇ ਪੋਰਟਲ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਹਨਾਂ ਨੇ ਧਿਆਨ ਵਿਚ ਨਹੀਂ ਹੈ ਉਹ ਜਾਂਚ ਕਰਕੇ ਤੁਰੰਤ ਠੀਕ ਕਰਵਾਉਣਗੇ।
;
;
;
;
;
;
;
;