JALANDHAR WEATHER

ਏ.ਆਈ.ਤਕਨੀਕ ਨਾਲ ਛੇੜਛਾੜ ਕਰਕੇ ਧਾਰਮਿਕ ਸਥਾਨਾਂ ਦੀਆਂ ਪਾਈਆ ਜਾਂਦੀਆਂ ਵੀਡੀਓ ਤਰੁੰਤ ਹਟਾਈਆ ਜਾਣ : ਜਥੇਦਾਰ ਗੜਗੱਜ

ਭਵਾਨੀਗੜ੍ਹ (ਸੰਗਰੂਰ) , 27 ਅਕਤੂਬਰ (ਲਖਵਿੰਦਰ ਪਾਲ ਗਰਗ)- ਪਿੰਡ ਸੰਘਰੇੜੀ ਵਿਖੇ ਨਵੇਂ ਉਸਾਰੇ ਗਏ ਗੁਰੂ ਘਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਪਿੰਡ ਵਾਸੀਆਂ ਵਲੋਂ ਗੁਰਮਤਿ ਸਮਾਗਮ ਤੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਆਪਣੇ ਕਰ ਕਮਲਾਂ ਨਾਲ ਨਵੇਂ ਉਸਾਰੇ ਗਏ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਨਿਸ਼ਾਨ ਸਾਹਿਬ ਜੀ ਝੁਲਾਏ। ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਬੱਚਿਆਂ ਦੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿੱਖ ਇਤਿਹਾਸ ਤੇ ਗੁਰੂ ਨਾਲ ਜੋੜੋਂ, ਮਿਲ ਜੁਲ ਕੇ ਚੱਲੋ ਤੇ ਕੋਈ ਵੀ ਬੱਚਾ ਪੜ੍ਹਾਈ ਤੋਂ ਬਿਨ੍ਹਾਂ ਨਹੀਂ ਰਹਿਣਾ ਚਾਹੀਦਾ।

ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਖ਼ਤ ਤਾੜਨਾ ਕਰਦਿਆ ਹੋਏ ਕਿਹਾ ਕਿ ਸੋਸ਼ਲ ਮੀਡੀਆ ’ਤੇ ਏ.ਆਈ.ਤਕਨੀਕ ਨਾਲ ਛੇੜਛਾੜ ਕਰਕੇ ਸ੍ਰੀ ਦਰਬਾਰ ਸਾਹਿਬ ਜਾਂ ਕਿਸੇ ਵੀ ਧਾਰਮਿਕ ਸਥਾਨ ਦੀਆਂ ਗ਼ਲਤ ਵੀਡੀਓ ਬਣਾ ਕੇ ਪਾਈਆ ਜਾਂਦੀਆਂ ਵੀਡੀਓ ਤਰੁੰਤ ਹਟਾਈਆ ਜਾਣ ਕਿਉਂਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਦੀਆਂ ਵੀਡੀਓਜ਼ ਨੂੰ ਸਰਕਾਰ ਵਲੋਂ 24 ਘੰਟਿਆਂ ’ਚ ਹਟਾਈਆਂ ਜਾ ਸਕਦੀਆਂ ਹਨ ਤਾਂ ਫਿਰ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਏ.ਆਈ ਨਾਲ ਛੇੜਛਾੜ ਕਰਕੇ ਬਣਾਈਆ ਵੀਡੀਓ ਕਿਉਂ ਨਹੀਂ ਹਟਾਈਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਨੂੰ ਸਖ਼ਤ ਹਿਦਾਇਤਾਂ ਕਰੇ ਕਿ ਅਜਿਹੀਆ ਗ਼ਲਤ ਵੀਡੀਓ ਪਹਿਲਾਂ ਤਾਂ ਬਣਨ ਹੀ ਨਾ ਤੇ ਨਾ ਹੀ ਅੱਪਲੋਡ ਹੋਣ। ਅਗਰ ਕੋਈ ਸ਼ਰਾਰਤੀ ਅਨਸਰ ਅਜਿਹਾ ਕਰਦਾ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਉਸ ਤੱਕ ਪਹੁੰਚ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ