ਸਹੁਰਿਆਂ ਤੋਂ ਪ੍ਰੇਸ਼ਾਨ ਮਹਿਲਾ ਵਲੋਂ ਖੁਦਕੁਸ਼ੀ ਮਾਮਲੇ 'ਚ ਪਤੀ, ਸਹੁਰੇ ਤੇ ਸੱਸ 'ਤੇ ਮਾਮਲਾ ਦਰਜ
ਭਵਾਨੀਗੜ੍ਹ, (ਸੰਗਰੂਰ), 30 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਭੱਟੀਵਾਲ ਖੁਰਦ ਵਿਖੇ ਇਕ ਸਹੁਰਿਆਂ ਦੀ ਸਤਾਈ ਮਹਿਲਾ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ’ਤੇ ਪੁਲਿਸ ਵਲੋਂ ਉਸ ਦੇ ਪਤੀ, ਸਹੁਰੇ ਅਤੇ ਸੱਸ ’ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬਿਆਨ ਲਿਖਾਉਂਦਿਆਂ ਮ੍ਰਿਤਕਾ ਜਸਵੀਰ ਕੌਰ ਪਤਨੀ ਸੰਦੀਪ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਅਲਹੌਰਾ ਨੇ ਕਿਹਾ ਕਿ ਉਸ ਦੀ ਭੈਣ ਜਸਵੀਰ ਕੌਰ ਦਾ ਵਿਆਹ ਸੰਦੀਪ ਸਿੰਘ ਨਾਲ 2014 ਵਿਚ ਹੋਇਆ ਸੀ, ਜਿਸ ਦੇ 2 ਬੱਚੇ (ਬੇਟਾ-ਬੇਟੀ) ਹਨ।
ਉਨ੍ਹਾਂ ਕਿਹਾ ਕਿ ਸਹੁਰਾ ਪਰਿਵਾਰ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਦਿਆਂ ਕੁੱਟਮਾਰ ਕਰਦਾ ਸੀ, ਜਿਸ ਸੰਬੰਧੀ ਉਨ੍ਹਾਂ ਪਹਿਲਾਂ ਵੀ ਕਈ ਵਾਰ ਸਹੁਰਾ ਪਰਿਵਾਰ ਨੂੰ ਭੈਣ ਨੂੰ ਪ੍ਰੇਸ਼ਾਨ ਨਾ ਕਰਨ ਬਾਰੇ ਕਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸਹੁਰੇ ਪਰਿਵਾਰ ਵਲੋਂ ਉਸ ਦੀ ਭੈਣ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ’ਤੇ ਉੁਸ ਨੇ ਗੁੱਸੇ ’ਚ ਆਉਂਦਿਆਂ ਜ਼ਹਿਰੀਲੀ ਦਵਾਈ ਪੀ ਲਈ, ਜਿਸ ਦਾ ਪਤਾ ਲੱਗਦਿਆਂ ਹੀ ਉਸ ਨੂੰ ਸਥਾਨਕ ਹਸਪਤਾਲ ਲਿਆਂਦਾ, ਜਿਥੋਂ ਪਟਿਆਲਾ ਭੇਜ ਦਿੱਤਾ ਗਿਆ। ਉਥੇ ਜਾ ਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਅਲਹੌਰਾ ਦੇ ਬਿਆਨ ਦਰਜ ਕਰਦਿਆਂ ਮ੍ਰਿਤਕ ਜਸਵੀਰ ਕੌਰ ਦੇ ਪਤੀ ਸੰਦੀਪ ਸਿੰਘ ਪੁੱਤਰ ਭਰਪੂਰ ਸਿੰਘ, ਸਹੁਰਾ ਭਰਪੂਰ ਸਿੰਘ ਅਤੇ ਸੱਸ ਸ਼ਿੰਦਰ ਕੌਰ ’ਤੇ ਮਾਮਲਾ ਦਰਜ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਪੜਤਾਲ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਦਿੱਤੀ ਜਾਵੇਗੀ। ਇਸ ਸੰਬੰਧੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;