ਚੰਡੀਗੜ੍ਹ ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ ਹੋ ਗਿਆ ਹੰਗਾਮਾ
ਚੰਡੀਗੜ੍ਹ, 3 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਨਗਰ ਨਿਗਮ ਹਾਊਸ ਵਿੱਚ ਸ਼ੁਰੂ ਹੋ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਜਨਰਲ ਹਾਊਸ ਮੀਟਿੰਗ MCChandigarh ਯੂਟਿਊਬ 'ਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਤੋਂ ਇਜਾਜ਼ਤ ਲਈ ਗਈ ਹੈ।
ਮੀਟਿੰਗ ਸ਼ੁਰੂ ਹੁੰਦੇ ਹੀ ਸਦਨ ਵਿਚ ਹੰਗਾਮਾ ਹੋ ਗਿਆ। ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ ਨੇ ਟੇਬਲ ਏਜੰਡੇ ਬਾਰੇ ਸਵਾਲ ਉਠਾਏ। ਕਮਿਊਨਿਟੀ ਸੈਂਟਰ ਦੀ ਬੁਕਿੰਗ ਬਾਰੇ ਕੌਂਸਲਰ ਪ੍ਰੇਮ ਲਤਾ ਨੇ ਕਿਹਾ ਕਿ ਇਸ ਵਿਚ ਕੋਈ ਸਪੱਸ਼ਟਤਾ ਨਹੀਂ ਹੈ। ਨੀਂਹ ਪੱਥਰਾਂ 'ਤੇ ਨਾਮ ਲਿਖੇ ਜਾਣ ਦੇ ਮੁੱਦੇ ਤੋਂ ਸ਼ੁਰੂ ਹੋਈ ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ ਹੱਥੋਪਾਈ ਤੱਕ ਪਹੁੰਚੀ ਗਈ। ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਗੈਰ ਹਾਜ਼ਰੀ ਨੂੰ ਲੈ ਕੇ ਭਾਜਪਾ ਕੌਂਸਲਰ ਸੌਰਭ ਜੋਸ਼ੀ ਅਤੇ ਕਾਂਗਰਸ ਕੌਂਸਲਰ ਸਚਿਨ ਗਾਲਿਵ ਆਹਮੋ ਸਾਹਮਣੇ ਹੋ ਗਏ।
ਨੀਂਹ ਪੱਥਰਾਂ 'ਤੇ ਨਾਮ ਲਿਖਣ ਨੂੰ ਲੈ ਕੇ ਸ਼ੁਰੂ ਹੋਈ ਗੱਲਬਾਤ ਕੌਂਸਲਰਾਂ ਵਿਚ ਹੱਥੋਪਾਈ ਤੱਕ ਪਹੁੰਚ ਗਈ। ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਵਲੋਂ ਇਹ ਮਾਮਲਾ ਉਠਾਇਆ ਗਿਆ ਸੀ ਕਿ ਨੀਂਹ ਪੱਥਰਾਂ 'ਤੇ ਕੌਂਸਲਰ, ਮੇਅਰ ਅਤੇ ਡਿਪਟੀ ਮੇਅਰ ਦਾ ਨਾਮ ਨਹੀਂ ਲਿਖਿਆ ਜਾ ਰਿਹਾ। ਉਨ੍ਹਾਂ ਵਲੋਂ ਆਪਣੇ ਵਾਰਡ 'ਚ ਹੋ ਰਹੇ ਵਿਕਾਸ ਕਾਰਜਾਂ ਸੰਬੰਧੀ ਨੀਂਹ ਪੱਥਰਾਂ 'ਤੇ ਆਪਣਾ ਨਾਮ ਨਾ ਲਿਖੇ ਹੋਣ ਅਤੇ ਸਮਾਗਮ ਵਿਚ ਨਾ ਬੁਲਾਏ ਜਾਣ ਦਾ ਮਸਲਾ ਉਠਾਇਆ ਗਿਆ ਸੀ। ਗੱਲ ਨਿੱਜੀ ਤਕਰਾਰ ਤੋਂ ਹੁੰਦੀ ਹੋਈ 1984 ਦੇ ਸਿੱਖ ਦੰਗਿਆਂ ਤੱਕ ਪਹੁੰਚ ਗਈ।
ਇਥੋਂ ਤੱਕ ਕਿ ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਤਾਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਨੇਮ ਪਲੇਟ ਚੁੱਕ ਕੇ ਕਿਹਾ ਕਿ "ਸੰਸਦ ਮੈਂਬਰ ਸਾਹਿਬ ਰਹਿੰਦੇ ਕਿੱਥੇ ਹਨ, ਇਹ ਤਾਂ ਸ਼ਨੀਵਾਰ-ਐਤਵਾਰ ਵਾਲੇ ਸੰਸਦ ਮੈਂਬਰ ਹਨ।” ਇਸ ਗੱਲ 'ਤੇ ਕਾਂਗਰਸੀ ਕੌਂਸਲਰ ਸਚਿਨ ਗਾਲੀਵ ਵੀ ਗੁੱਸੇ ਵਿਚ ਆ ਗਏ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।
ਅੱਜ ਦੀ ਬੈਠਕ ਸਵੇਰੇ 11 ਵੱਜ ਕੇ 15 ਮਿੰਟ 'ਤੇ ਸ਼ੁਰੂ ਹੋਈ ਸੀ, 11 ਵੱਜ ਕੇ 25 ਮਿੰਟ 'ਤੇ ਇਸ ਮਾਮਲੇ 'ਤੇ ਬਹਿਸ ਸ਼ੁਰੂ ਹੋ ਗਈ, ਪਰ 12 ਵੱਜ ਕੇ 15 ਮਿੰਟ ਤੱਕ ਵੀ ਇਹੀ ਬਹਿਸ ਚੱਲਦੀ ਰਹੀ, ਜੋ ਕਿ ਨਗਰ ਨਿਗਮ ਦੀ ਬੈਠਕ ਦੇ ਏਜੰਡੇ ਵਿਚ ਸ਼ਾਮਿਲ ਵੀ ਨਹੀਂ ਸੀ।
;
;
;
;
;
;
;