ਸੀਂਗੋ ਮੰਡੀ ਦੇ ਕਈ ਪਿੰਡਾਂ 'ਚ ਮੀਂਹ-ਹਨੇਰੀ ਤੇ ਗੜਿਆਂ ਨੇ ਫਸਲ ਦਾ ਕੀਤਾ ਨੁਕਸਾਨ
ਬਠਿੰਡਾ/ਤਲਵੰਡੀ ਸਾਬੋ/ ਸੀਂਗੋ ਮੰਡੀ, 4 ਨਵੰਬਰ (ਲਕਵਿੰਦਰ ਸ਼ਰਮਾ)-ਅੱਜ ਬਾਅਦ ਦੁਪਹਿਰ ਕਰੀਬ 4 ਵਜੇ ਅਚਾਨਕ ਉਪ ਮੰਡਲ ਤਲਵੰਡੀ ਸਾਬੋ ਦੇ ਸੀਂਗੋ ਮੰਡੀ ਕਸਬੇ ਵਿਚ ਪੈਂਦੇ ਪਿੰਡ ਕਲਾਲਵਾਲਾ, ਨਥੇਹਾ, ਕੌਰੇਆਣਾ, ਮਿਰਜ਼ੇਆਣਾ ਵਿਚ ਆਈ ਤੇਜ਼ ਹਨੇਰੀ, ਮੀਂਹ ਅਤੇ ਗੜਿਆਂ ਨੇ ਜਿਥੇ ਦਾਣਾ ਮੰਡੀਆਂ ਵਿਚ ਪਈ ਝੋਨੇ ਦੀ ਫਸਲ ਖਰਾਬ ਕਰ ਦਿੱਤੀ ਹੈ, ਉਥੇ ਹੀ ਖੇਤਾਂ ਵਿਚ ਵੀ ਕਣਕ ਦੀ ਬੀਜੀ ਫਸਲ ਕਰੰਡ ਕਰ ਦਿੱਤੀ ਹੈ, ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਕੌਰੇਆਣਾ ਦੇ ਅੰਗਰੇਜ਼ ਸਿੰਘ ਤੇ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਅਚਾਨਕ ਆਏ ਮੀਂਹ ਨੇ ਕੋਰੇਆਣਾ ਵਿਚ ਜਿਥੇ ਤੇਜ਼ ਗੜਿਆਂ ਨੇ ਖੜ੍ਹੀ ਝੋਨੇ ਦੀ ਫਸਲ ਝਾੜ ਦਿੱਤਾ ਹੈ, ਨਾਲ ਪ੍ਰਤੀ ਏਕੜ 10 ਮਣ ਝੋਨਾ ਖੇਤ ਵਿਚ ਰੁਲ ਗਿਆ ਹੈ। ਉਧਰ ਗੁਰਪਾਲ ਸਿੰਘ ਪਿੰਡ ਕਲਾਲਵਾਲਾ ਨੇ ਦੱਸਿਆ ਕਿ ਜੋ ਤਾਜ਼ੀ ਕਣਕ ਦੀ ਫਸਲ ਬੀਜੀ ਗਈ ਸੀ, ਉਹ ਕਰੰਡ ਹੋ ਗਈ ਹੈ ਤੇ ਅਨਾਜ ਮੰਡੀਆਂ ਵਿਚ ਵੀ ਝੋਨਾ ਭਿੱਜ ਗਿਆ ਹੈ। ਇਸ ਹੋਏ ਨੁਕਸਾਨ ਦਾ ਕਸਬੇ ਦੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
;
;
;
;
;
;
;
;