ਕਬੱਡੀ ਖਿਡਾਰੀ ਦੇ ਪਰਿਵਾਰ ਨੇ ਸਮਰਾਲਾ ਦੇ ਮੁੱਖ ਚੌਕ 'ਚ ਲਾਇਆ ਧਰਨਾ
ਸਮਰਾਲਾ, 5 ਨਵੰਬਰ (ਗੋਪਾਲ ਸੋਫਤ)-ਇਥੋਂ ਨਜ਼ਦੀਕੀ ਪਿੰਡ ਮਾਣਕੀ ਵਿਖੇ ਸੋਮਵਾਰ ਦੀ ਰਾਤ ਨੂੰ ਹੋਈ ਫਾਇਰਿੰਗ ਵਿਚ ਮਾਰੇ ਗਏ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਵਾਰਿਸਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਸਥਾਨਕ ਮੁੱਖ ਚੌਕ ਵਿਚ ਧਰਨਾ ਲਾ ਕੇ ਟਰੈਫਿਕ ਜਾਮ ਕਰ ਦਿੱਤਾ ਹੈ। ਮ੍ਰਿਤਕ ਦੇ ਹਮਾਇਤੀਆਂ ਅਤੇ ਵਾਰਿਸ ਮੰਗ ਕਰ ਰਹੇ ਹਨ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਜਦੋਂ ਤਕ ਦੋਸ਼ੀ ਵਿਅਕਤੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਨਾ ਤਾਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਉਸ ਦਾ ਸਸਕਾਰ ਕਰਨਗੇ।
ਧਰਨੇ 'ਚ ਸ਼ਾਮਿਲ ਮ੍ਰਿਤਕ ਦੀ ਦਾਦੀ ਅਤੇ ਛੋਟੀ ਭੈਣ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮ੍ਰਿਤਕ ਭਰਾ ਕਬੱਡੀ ਦਾ ਖਿਡਾਰੀ ਸੀ ਤੇ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਕਿਸੇ ਨਾਲ ਉਸ ਦੀ ਕੋਈ ਦੁਸ਼ਮਣੀ ਨਹੀਂ ਸੀ। ਇਸ ਮੌਕੇ ਸਥਾਨਕ ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਦੇ ਲਗਭਗ 10 ਹਮਾਇਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟਿਕਾਣਿਆਂ ਉਤੇ ਛਾਪੇਮਾਰੀ ਕਰਨ ਲਈ ਪੁਲਿਸ ਦੀਆਂ 7 ਟੀਮਾਂ ਲੱਗੀਆਂ ਹੋਈਆਂ ਹਨ ਅਤੇ ਦੋਸ਼ੀ ਛੇਤੀ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਰਿਵਾਰ ਨੂੰ ਵੀ ਕਾਨੂੰਨੀ ਪੱਖ ਤੋਂ ਪੋਸਟਮਾਰਟਮ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਦੱਸ ਦਈਏ ਕਿ ਬੀਤੇ ਸੋਮਵਾਰ ਦੀ ਰਾਤ ਨੂੰ ਪਿੰਡ ਮਾਣਕੀ ਪੁਲੀ ਦੇ ਕੋਲ ਚਾਰ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਫਾਇਰਿੰਗ ਕੀਤੇ ਜਾਣ ਕਾਰਨ ਇਕ ਵਿਅਕਤੀ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਦੂਜਾ ਜ਼ਖਮੀ ਹੋ ਗਿਆ ਸੀ।
;
;
;
;
;
;
;
;
;