ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਮੇਨ ਹਾਲ 'ਚ ਅੱਗ ਲੱਗੀ
ਤਲਵੰਡੀ ਭਾਈ, 5 ਨਵੰਬਰ (ਰਵਿੰਦਰ ਸਿੰਘ ਬਜਾਜ)-ਅੱਜ ਸ਼ਾਮ ਸਾਢੇ ਤਿੰਨ ਵਜੇ ਦੇ ਕਰੀਬ ਤਲਵੰਡੀ ਭਾਈ ਦੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਮੇਨ ਹਾਲ ਵਿਚ ਬਿਜਲੀ ਦੇ ਸ਼ਾਰਟ-ਸਰਕਟ ਨਾਲ ਅੱਗ ਲੱਗ ਗਈ, ਜਿਸ ਕਾਰਨ ਮੇਨ ਹਾਲ ਵਿਚ ਪਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਅਗਨ ਭੇਟ ਹੋ ਗਿਆ ਜਿਵੇਂ ਹੀ ਮੁੱਖ ਗ੍ਰੰਥੀ ਸੇਵਕ ਸਿੰਘ ਨੂੰ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਲੱਗੀ ਹੋਈ ਅੱਗ ਵਿਚ ਹੀ ਹਾਲ ਅੰਦਰ ਵੜ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਜਿਵੇਂ ਹੀ ਪਤਾ ਲੱਗਿਆ ਤਾਂ ਸਾਰੇ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗ ਗਏ। ਮੌਕੇ ਉਤੇ ਤਲਵੰਡੀ ਭਾਈ ਦਾ ਰਾਮਗੜ੍ਹੀਆ ਭਾਈਚਾਰੇ ਤੋਂ ਇਲਾਵਾ ਆਸ-ਪਾਸ ਦੇ ਲੋਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੱਤਪਾਲ ਸਿੰਘ ਵੀ ਪਹੁੰਚ ਗਏ। ਅੱਗ ਕਾਫੀ ਜ਼ਿਆਦਾ ਸੀ, ਜਿਸ ਕਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ ਹੋ ਗਿਆ ਜਦਕਿ ਸੱਚਖੰਡ ਸਾਹਿਬ ਵਿਚ ਬਾਕੀ ਦੇ ਸਰੂਪਾਂ ਨੂੰ ਬਾਹਰ ਕੱਢ ਲਿਆ ਗਿਆ ਜੋ ਕਿ ਬਿਲਕੁਲ ਠੀਕ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੱਤਪਾਲ ਸਿੰਘ ਨੇ ਕਿਹਾ ਕਿ ਸ਼ਾਰਟ-ਸਰਕਟ ਹੋਣ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਦਾ ਸਾਰੀ ਸੰਗਤ ਅਤੇ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਦੁੱਖ ਹੈ। ਜ਼ਿਕਰਯੋਗ ਹੈ ਕਿ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੋਣ ਕਰਕੇ ਸਵੇਰੇ ਹੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਇਥੇ ਪਾਏ ਗਏ ਸਨ। ਅੱਗ ਇੰਨੀ ਜ਼ਬਰਦਸਤ ਸੀ ਕਿ ਪੀਹੜਾ ਸਾਹਿਬ ਅਤੇ ਆਸ-ਪਾਸ ਦੇ ਕਮਰੇ ਤੇ ਹੋਰ ਫਰਨੀਚਰ ਵੀ ਪੂਰੀ ਤਰ੍ਹਾਂ ਨਾਲ ਸੜ ਗਿਆ।
;
;
;
;
;
;
;
;