‘‘ਮੈਂ ਜੀ-20 ਸੰਮੇਲਨ ਵਿਚ ਨਹੀਂ ਹੋਵਾਂਗਾ ਸ਼ਾਮਿਲ’’- ਅਮਰੀਕੀ ਰਾਸ਼ਟਰਪਤੀ
ਵਾਸ਼ਿੰਗਟਨ, ਡੀ.ਸੀ., 6 ਨਵੰਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਇਸ ਮਹੀਨੇ ਦੇ ਅੰਤ ਵਿਚ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਜੀ-20 ਸੰਮੇਲਨ ਵਿਚ ਸ਼ਾਮਿਲ ਨਹੀਂ ਹੋਣਗੇ। ਬੀਤੇ ਦਿਨ ਮਿਆਮੀ ਵਿਚ ਅਮਰੀਕੀ ਵਪਾਰ ਫੋਰਮ ਵਿਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਨਹੀਂ ਜਾ ਰਿਹਾ। ਜੀ-20 ਦੱਖਣੀ ਅਫ਼ਰੀਕਾ ਵਿਚ ਹੈ। ਦੱਖਣੀ ਅਫਰੀਕਾ ਨੂੰ ਹੁਣ ਜੀ-20 ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਉੱਥੇ ਜੋ ਹੋਇਆ ਉਹ ਬੁਰਾ ਹੈ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਂ ਨਹੀਂ ਜਾ ਰਿਹਾ। ਮੈਂ ਉੱਥੇ ਆਪਣੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰਾਂਗਾ। ਉਨ੍ਹਾਂ ਨੂੰ ਉੱਥੇ ਨਹੀਂ ਹੋਣਾ ਚਾਹੀਦਾ।
ਦੱਖਣੀ ਅਫਰੀਕਾ ਨੇ 1 ਦਸੰਬਰ, 2024 ਨੂੰ ਇਕ ਸਾਲ ਲਈ ਜੀ-20 ਦੀ ਪ੍ਰਧਾਨਗੀ ਸੰਭਾਲੀ ਹੈ ਅਤੇ 22-23 ਨਵੰਬਰ ਤੱਕ ਜੋਹਾਨਸਬਰਗ ਵਿਚ ਸਮੂਹ ਦੇ ਨੇਤਾਵਾਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਜੀ 20 ਸੰਮੇਲਨ ਅਫਰੀਕੀ ਧਰਤੀ 'ਤੇ ਹੋਵੇਗਾ। ਭਾਰਤ ਨੇ ਦਸੰਬਰ 2022 ਤੋਂ ਨਵੰਬਰ 2023 ਤੱਕ ਜੀ-20 ਦੀ ਪ੍ਰਧਾਨਗੀ ਸੰਭਾਲੀ ਸੀ ਅਤੇ 18ਵਾਂ ਜੀ-20 ਸੰਮੇਲਨ ਸਤੰਬਰ 2023 ਵਿਚ ਨਵੀਂ ਦਿੱਲੀ ਵਿਚ ਭਾਰਤ ਦੀ ਪ੍ਰਧਾਨਗੀ ਹੇਠ ਹੋਇਆ ਸੀ। ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਜੀ-20 ਸੰਮੇਲਨ ਵਿਚ ਸ਼ਾਮਿਲ ਹੋਣ ਲਈ ਭਾਰਤ ਆਏ ਸਨ।
;
;
;
;
;
;
;
;