ਜ਼ਹਿਰੀਲੇ ਧੂੰਏ ਦੀ ਲਪੇਟ ’ਚ ਰਾਸ਼ਟਰੀ ਰਾਜਧਾਨੀ
ਨਵੀਂ ਦਿੱਲੀ, 16 ਦਸੰਬਰ - ਬੀਤੇ ਦਿਨ ਦਿੱਲੀ-ਐਨ.ਸੀ.ਆਰ. ਵਿਚ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਛਾਈ ਰਹੀ। ਏਅਰ ਕੁਆਲਿਟੀ ਇੰਡੈਕਸ ਗੰਭੀਰ ਸ਼੍ਰੇਣੀ ਵਿਚ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਦੇ 40 ਨਿਗਰਾਨੀ ਸਟੇਸ਼ਨਾਂ ਵਿਚੋਂ 27 ਨੇ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ ਦਰਜ ਕੀਤੀ। ਵਜ਼ੀਰਪੁਰ ਵਿਚ ਹਵਾ ਗੁਣਵੱਤਾ ਸੂਚਕਾਂਕ 500 ਤੱਕ ਪਹੁੰਚ ਗਿਆ, ਜੋ ਕਿ ਵੱਧ ਤੋਂ ਵੱਧ ਸੀਮਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ 500 ਤੋਂ ਉੱਪਰ ਹਵਾ ਗੁਣਵੱਤਾ ਸੂਚਕਾਂਕ ਦਰਜ ਨਹੀਂ ਕੀਤਾ ਜਾਂਦਾ।
ਸੰਘਣੇ ਧੂੰਏਂ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਵਿਚ ਵਿਘਨ ਪਾਇਆ। ਸੋਮਵਾਰ ਨੂੰ ਕਈ ਏਅਰਲਾਈਨਾਂ ਨੇ ਦਿੱਲੀ ਹਵਾਈ ਅੱਡੇ ’ਤੋਂ 228 ਉਡਾਣਾਂ ਰੱਦ ਕਰ ਦਿੱਤੀਆਂ ਅਤੇ ਪੰਜ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜ ਦਿੱਤਾ। ਦੱਸ ਦੇਈਏ ਕਿ ਭਾਰਤ ਦਾ ਦੌਰਾ ਕਰ ਰਹੇ ਅਰਜਨਟੀਨਾ ਦੇ ਫੁੱਟਬਾਲਰ ਲਿਓਨਲ ਮੈਸੀ ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਮਿਲ ਸਕੇ। ਮੈਸੀ ਦੀ ਮੁੰਬਈ ਤੋਂ ਦਿੱਲੀ ਲਈ ਚਾਰਟਰਡ ਉਡਾਣ ਧੁੰਦ ਕਾਰਨ ਦੇਰੀ ਨਾਲ ਰਵਾਨਾ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਲਈ ਇਕ ਘੰਟੇ ਦੀ ਦੇਰੀ ਨਾਲ ਰਵਾਨਾ ਹੋਏ। ਮੈਸੀ ਦਾ ਸਵੇਰੇ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣਾ ਤੈਅ ਸੀ।
ਇਸ ਦੌਰਾਨ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ 5ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਸਿਰਫ਼ ਆਨਲਾਈਨ ਕਲਾਸਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਨੇ ਵਕੀਲਾਂ ਅਤੇ ਧਿਰਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਾਈਬ੍ਰਿਡ ਮੋਡ ਰਾਹੀਂ ਪੇਸ਼ ਹੋਣ ਦੀ ਸਲਾਹ ਦਿੱਤੀ ਹੈ। ਸੁਪਰੀਮ ਕੋਰਟ 17 ਦਸੰਬਰ ਨੂੰ ਦਿੱਲੀ-ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ ਨਾਲ ਸੰਬੰਧਿਤ ਪਟੀਸ਼ਨ 'ਤੇ ਸੁਣਵਾਈ ਕਰੇਗਾ।
;
;
;
;
;
;
;
;