JALANDHAR WEATHER

ਮਾਈਨਰ ਵਿਚ ਕਾਰ ਡਿੱਗੀ, ਮਾਂ-ਧੀ ਦੀ ਮੌਤ, ਪਤੀ ਵਾਲ-ਵਾਲ ਬਚਿਆ

ਮੰਡੀ ਕਿੱਲਿਆਂਵਾਲੀ, 12 ਜਨਵਰੀ (ਇਕਬਾਲ ਸਿੰਘ ਸ਼ਾਂਤ)- ਲੰਬੀ ਹਲਕੇ ਦੇ ਪਿੰਡ ਆਲਮਵਾਲਾ ਨੇੜੇ ਬੀਤੀ ਰਾਤ ਇਕ ਦਰਦਨਾਕ ਸੜਕੀ ਹਾਦਸੇ ਵਿਚ ਅਬੋਹਰ ਮਾਈਨਰ ਵਿਚ ਕਾਰ ਡਿੱਗਣ ਕਾਰਨ ਇਕ ਮਹਿਲਾ ਅਤੇ ਉਸ ਦੀ ਤਿੰਨ ਸਾਲਾ ਮਾਸੂਮ ਧੀ ਦੀ ਮੌਤ ਹੋ ਗਈ, ਜਦਕਿ ਮਹਿਲਾ ਦਾ ਪਤੀ ਕਾਰ ਦੀ ਖਿੜਕੀ ਖੁੱਲ੍ਹਣ ਕਾਰਨ ਵਾਲ-ਵਾਲ ਬਚ ਗਿਆ। ਇਹ ਹਾਦਸਾ ਰਾਤ ਕਰੀਬ ਅੱਠ ਵਜੇ ਵਾਪਰਿਆ। ਦੋਵੇਂ ਲਾਸ਼ਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

ਮ੍ਰਿਤਕਾਂ ਦੀ ਪਛਾਣ 33 ਸਾਲਾ ਸਿਮਰਨ ਕੌਰ ਅਤੇ ਤਿੰਨ ਸਾਲਾ ਤਕਦੀਰ ਕੌਰ ਵਜੋਂ ਹੋਈ ਹੈ, ਜੋ ਪਿੰਡ ਜੰਡਵਾਲਾ ਭੀਮੇਸ਼ਾਹ, ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਿਤ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਆਲਮਵਾਲਾ ਪਿੰਡ ਨੇੜੇ ਨਹਿਰ ਦੇ ਪੁਲ ਕੋਲ ਇਕ ਤਿੱਖੇ ਮੋੜ ਉੱਤੇ ਵਾਪਰਿਆ, ਜਿਥੇ ਕਾਰ ਸੰਤੁਲਨ ਗੁਆ ਬੈਠੀ ਅਤੇ ਸਿੱਧੀ ਮਾਈਨਰ ਵਿਚ ਜਾ ਡਿੱਗੀ।

ਘਟਨਾ ਦੀ ਸੂਚਨਾ ਮਿਲਦੇ ਹੀ ਆਲਮਵਾਲਾ ਪਿੰਡ ਦੇ ਗੁਰਦੁਆਰੇ ਤੋਂ ਹੋਕਾ ਦੇ ਕੇ ਪਿੰਡ ਵਾਸੀਆਂ ਨੂੰ ਮੌਕੇ ’ਤੇ ਪੁੱਜਣ ਦੀ ਅਪੀਲ ਕੀਤੀ ਗਈ। ਸੂਚਨਾ ਮਿਲਣ ’ਤੇ ਥਾਣਾ ਕਬਰਵਾਲਾ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਦੇ ਹੋਏ ਮਾਂ ਅਤੇ ਧੀ ਦੀਆਂ ਲਾਸ਼ਾਂ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੋਟ ਭੇਜ ਦਿੱਤਾ ਗਿਆ ਹੈ।


ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪਤੀ ਸਾਹਿਲ ਖੇੜਾ, ਜੋ ਪਿੰਡ ਜੰਡਵਾਲਾ ਭੀਮੇਸ਼ਾਹ ਦਾ ਰਹਿਣ ਵਾਲਾ ਹੈ, ਉਹ ਪਤਨੀ ਸਿਮਰਨ ਕੌਰ ਅਤੇ ਪੁੱਤਰੀ ਤਕਦੀਰ ਕੌਰ ਦੇ ਨਾਲ ਸਵਿਫਟ ਕਾਰ 'ਤੇ ਸਿਰਸਾ ਤੋਂ ਘਰ ਵਾਪਸ ਜਾ ਰਿਹਾ ਸੀ। ਆਲਮਵਾਲਾ ਨੇੜੇ ਤਿੱਖੇ ਮੋੜ ’ਤੇ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ।ਪੁਲਿਸ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਖ-ਵੱਖ ਨੁਕਤਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਦਸੇ ਦੇ ਅਸਲ ਕਾਰਨਾਂ ਦੀ ਤਸਦੀਕ ਲਈ ਮ੍ਰਿਤਕਾ ਦੇ ਪਤੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਜਾ ਰਿਹਾ ਹੈ।

ਲੰਬੀ ਪੁਲਿਸ ਸਬ-ਡਵੀਜਨ ਦੇ ਡੀ.ਐੱਸ.ਪੀ. ਹਰਬੰਸ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ