ਲੋਹੜੀ ਮਨਾ ਰਹੇ ਲੋਕਾਂ ’ਤੇ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਜ਼ਖਮੀ
ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਟਿੱਬਾ ਰੋਡ ’ਤੇ ਸਥਿਤ ਧਮੋਟ ਕਾਲੋਨੀ ਵਿਚ ਦੇਰ ਰਾਤ ਲੋਹੜੀ ਮਨਾ ਰਹੇ ਲੋਕਾਂ ’ਤੇ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਨੌਜਵਾਨ ਦੀ ਸ਼ਨਾਖਤ ਅੰਕਿਤ ਵਜੋਂ ਕੀਤੀ ਗਈ ਹੈ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਹੈ। ਘਟਨਾ ਦੇਰ ਰਾਤ ਉਸ ਵਕਤ ਵਾਪਰੀ ਜਦੋਂ ਉਕਤ ਕਲੋਨੀ ਵਿਚ ਅੰਕਿਤ ਅਤੇ ਮੁਹੱਲੇ ਦੇ ਲੋਕ ਬੈਠੇ ਲੋਹੜੀ ਮਨਾ ਰਹੇ ਰਹੇ ਸਨ ਕਿ ਇਸ ਦੌਰਾਨ ਉੱਥੇ ਮੋਟਰਸਾਈਕਲਾਂ ’ਤੇ ਚਾਰ ਨੌਜਵਾਨ ਆਏ ਅਤੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਉਨ੍ਹਾਂ ਦੀ ਬਹਿਸ ਇਨ੍ਹਾਂ ਲੋਕਾਂ ਨਾਲ ਹੋ ਗਈ। ਇਨ੍ਹਾਂ ਵਿਚੋਂ ਇਕ ਨੌਜਵਾਨ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉੱਥੇ ਭਗਦੜ ਮੱਚ ਗਈ।
ਇਨ੍ਹਾਂ ਵਿਚੋਂ ਦੋ ਗੋਲੀਆਂ ਅੰਕਿਤ ਦੇ ਲੱਗੀਆਂ। ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਲੋਕਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਗਈ ਹੈ ਤਾਂ ਜੋ ਇਨ੍ਹਾਂ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ ਪਰ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
;
;
;
;
;
;
;
;