ਪੁਲਿਸ ਹਿਰਾਸਤ 'ਚੋਂ ਮੁਲਜ਼ਮ ਰਫੂ ਚੱਕਰ
ਜਗਰਾਉਂ (ਲੁਧਿਆਣਾ ) , 16 ਜਨਵਰੀ( ਕੁਲਦੀਪ ਸਿੰਘ ਲੋਹਟ ) - ਜਗਰਾਉਂ ਦੇ ਸਿਵਲ ਹਸਪਤਾਲ ਵਿਚ ਅੱਜ ਦੁਪਹਿਰ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਜਗਰਾਉਂ ਪੁਲਿਸ ਵਲੋਂ ਗੋਲੀਆਂ ਵੇਚਣ ਦੇ ਦੋਸ਼ਾਂ 'ਚ ਕਾਬੂ 2 ਨਸ਼ਾ ਤਸਕਰਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਪੁਲਿਸ ਹਿਰਾਸਤ 'ਚ 2 ਨੌਜਵਾਨਾਂ 'ਚੋਂ ਇਕ ਨੌਜਵਾਨ ਮੌਕਾ ਦੀ ਤਾਕ 'ਚ ਪੁਲਿਸ ਅਤੇ ਹਸਪਤਾਲ ਦੇ ਅਮਲੇ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਜਗਰਾਉਂ ਦੇ ਸਿਟੀ ਪੁਲਿਸ ਨੇ 2 ਨੌਜਵਾਨਾਂ ਸੁੱਖਾ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀਆਨ ਪਿੰਡ ਭੰਮੀਪੁਰਾ ਕਲਾਂ, ਥਾਣਾ ਹਠੂਰ, ਜਿਲ੍ਹਾ ਲੁਧਿਆਣਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਤੇ ਉਕਤ ਨੌਜਵਾਨਾਂ 'ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ। ਅੱਜ ਜਦੋਂ ਪੁਲਿਸ ਵਲੋਂ ਇਕ ਹੋਰ ਮਾਮਲੇ ਵਿਚ ਲੁੱਟਾਂ ਖੋਹਾਂ ਕਰਨ ਵਾਲੇ 4 ਨੌਜਵਾਨਾਂ ਸਮੇਤ ਗੋਲੀਆਂ ਵੇਚਣ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਉਕਤ 2 ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਦੇ ਸਿਵਲ ਹਸਪਤਾਲ ਵਿਚ ਮੈਡੀਕਲ ਲਈ ਲਿਆਂਦਾ ਗਿਆ ਤਾਂ ਉਨ੍ਹਾਂ 'ਚ ਸ਼ਾਮਿਲ ਸੁੱਖਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭੰਮੀਪੁਰਾ ਜੋ ਆਪਣੇ ਆਪ ਨੂੰ ਬਿਮਾਰ ਦੱਸ ਰਿਹਾ ਸੀ ਤੇ ਪੁਲਿਸ ਵਲੋਂ ਸੁੱਖੇ ਦੇ ਕਹਿਣ 'ਤੇ ਹੀ ਉਸ ਨੂੰ ਮੁੱਢਲੇ ਇਲਾਜ ਲਈ ਐਮਰਜੈਂਸੀ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੁੱਖੇ ਨੂੰ ਦਵਾਈ ਦਿੱਤੀ ਅਤੇ ਇੰਨਜੈਕਸਨ ਵੀ ਲਾਏ ਗਏ।
ਇਸ ਦੌਰਾਨ ਹੀ ਪੁਲਿਸ ਕਰਮਚਾਰੀ ਐਮਰਜੈਂਸੀ ਦੇ ਬਾਹਰ ਉਡੀਕ ਕਰਨ ਲੱਗੇ ਪ੍ਰੰਤੂ ਜਿਉਂ ਹੀ ਐਮਰਜੈਂਸੀ ਰੂਮ 'ਚੋਂ ਡਾਕਟਰ ਬਾਹਰ ਆਏ ਤਾਂ ਗ੍ਰਿਫ਼ਤਾਰ ਕੀਤਾ ਸੁੱਖਾ ਐਮਰਜੈਂਸੀ ਦੀ ਖਿੜਕੀ ਖੋਲ੍ਹ ਕੇ ਫ਼ਰਾਰ ਹੋ ਚੁੱਕਾ ਸੀ। ਘਟਨਾ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਵਲੋਂ ਫ਼ਰਾਰ ਸੁੱਖੇ ਨੂੰ ਲੱਭਣ ਲਈ ਹਸਪਤਾਲ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਪੁਲਿਸ ਸੁੱਖੇ ਨੂੰ ਲੱਭਣ 'ਚ ਨਾਕਾਮ ਰਹੀ।ਸੁੱਖੇ ਨੂੰ ਲੱਭਣ ਲਈ ਪੁਲਿਸ ਵਲੋਂ ਵੱਖ-ਵੱਖ ਟੀਮਾਂ ਤਾਇਨਾਤ ਕਰ ਦਿੱਤੀਆਂ ਤੇ ਸ਼ਹਿਰ ਅੰਦਰ ਥਾਂ-ਥਾਂ ਪੁਲਿਸ ਦੇ ਹੂਟਰ ਵੱਜਦੇ ਦਿਖਾਈ ਦਿੱਤੇ। ਸੁੱਖੇ ਦੇ ਫ਼ਰਾਰ ਹੋਣ ਦੀ ਖ਼ਬਰ ਦੇਰ ਸ਼ਾਮ ਤੱਕ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਘਟਨਾ ਨੇ ਪੁਲਿਸ ਦੀ ਲਾਪ੍ਰਵਾਹੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਦੋਂ ਇਸ ਸੰਬੰਧੀ ਜਦੋਂ ਸੰਬੰਧਿਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਫ਼ਰਾਰ ਨੌਜਵਾਨ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
;
;
;
;
;
;
;
;
;