JALANDHAR WEATHER

ਮੀਂਹ ਕਾਰਨ ਬੱਚਿਆਂ ਨੂੰ ਸਕੂਲ ਆਉਣ-ਜਾਣ ਸਮੇਂ ਆਈਆਂ ਭਾਰੀ ਮੁਸ਼ਕਲਾਂ

ਰਾਜਪੁਰਾ, 23 ਜਨਵਰੀ (ਰਣਜੀਤ ਸਿੰਘ )-ਅੱਜ  ਮੀਂਹ ਕਾਰਨ ਜਿਥੇ ਆਮ ਜਨਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ, ਉਥੇ ਹੀ ਸਕੂਲੀ ਬੱਚਿਆਂ ਨੂੰ ਜਾਣ ਅਤੇ ਆਉਣ ਸਮੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੱਚਿਆਂ ਦੇ ਪੇਪਰ ਹੋ ਰਹੇ ਹਨ, ਇਸ ਲਈ ਤੇਜ਼ ਮੀਂਹ ਦੇ ਬਾਵਜੂਦ ਬੱਚਿਆਂ ਨੂੰ ਸਕੂਲਾਂ ’ਚ ਆਉਣਾ ਹੀ ਪੈਣਾ ਸੀ। ਸਵੇਰ ਤੋਂ ਹੋ ਪੈ ਰਹੇ ਮੀਂਹ ਕਾਰਨ ਕਈ ਸਕੂਲੀ ਬੱਚਿਆਂ ਨੇ ਮੀਂਹ ਤੋਂ ਬਚਣ ਲਈ ਜੁਗਾੜੂ ਪ੍ਰਬੰਧ ਕੀਤੇ ਹੋਏ ਸਨ।

ਜਾਣਕਾਰੀ ਮੁਤਾਬਕ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸ ਮੀਂਹ ਨੇ ਹਰ ਤਰ੍ਹਾਂ ਦੇ ਕੰਮ ਕਾਰ ’ਤੇ ਅਸਰ ਪਾਇਆ ਹੈ। ਆਮ ਜਨ ਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ। ਉਥੇ ਹੀ ਬੱਚੇ ਮੀਂਹ ’ਚ ਭਿਜਦੇ-ਭਿਜਾਉਂਦੇ ਸਕੂਲਾਂ ’ਚ ਆਏ ਅਤੇ ਫਿਰ ਮੀਂਹ ’ਚ ਹੀ ਭਿਜਦੇ ਹੋਏ ਘਰਾਂ ਨੂੰ ਵਾਪਸ ਗਏ। ਕਈ ਬੱਚਿਆਂ ਕੋਲ ਛਤਰੀ ਵਗੈਰਾ ਦਾ ਪ੍ਰਬੰਧ ਵੀ ਨਹੀਂ ਸੀ ਅਤੇ ਉਨ੍ਹਾਂ ਨੇ ਮੀਂਹ ਤੋਂ ਬਚਣ ਲਈ ਜੁਗਾੜੂ ਪ੍ਰਬੰਧ ਕੀਤੇ ਹੋਏ ਸਨ। ਇਸ ਦੇ ਨਾਲ ਹੀ ਕਈ ਥਾਵਾਂ ’ਤੇ ਸੜਕਾਂ ’ਤੇ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਸੀ ਅਤੇ ਉਸ ਪਾਣੀ ’ਚ ਵਾਹਨਾਂ ਦੀ ਸਪੀਡ ਕਾਰਨ ਬੱਚੇ ਭਿਜਦੇ ਵੇਖੇ ਗਏ। ਇਸ ਪਾਣੀ ਕਾਰਨ ਛੋਟੇ ਬੱਚਿਆਂ ਨੂੰ ਲੰਘਣਾ ਮੁਸ਼ਕਲ ਹੋਇਆ ਪਿਆ ਸੀ। ਮੀਂਹ ਕਾਰਨ ਬੱਚਿਆਂ ਦੀਆਂ ਕਿਤਾਬਾਂ, ਕਾਪੀਆਂ, ਜੁੱਤੀਆਂ, ਬੂਟ ਜੁਰਾਬਾਂ ਅਤੇ ਵਰਦੀਆਂ ਭਿੱਜਣ ਦਾ ਡਰ ਵੀ ਬਣਿਆ ਹੋਇਆ ਸੀ। ਜਿਹੜੇ ਬੱਚੇ ਪਿੰਡਾਂ ਜਾਂ ਦੂਰੋਂ ਸਕੂਲ ਪੜ੍ਹਨ ਲਈ ਆਉਂਦੇ ਹਨ, ਉਨ੍ਹਾਂ ਨੂੰ ਭਿੱਜਣ ਕਾਰਨ ਸਰਦੀ- ਜੁਕਾਮ-ਖੰਘ ਦਾ ਡਰ ਬਣਿਆ ਹੋਇਆ ਹੈ।
ਦੂਜੇ ਪਾਸੇ ਮਾਪਿਆਂ ਦਾ ਕਹਿਣਾ ਸੀ ਕਿ ਅਜਿਹੇ ਮੌਸਮ ਵਿਚ ਤਾਂ ਬੱਚਿਆਂ ਨੂੰ ਛੁੱਟੀ ਹੀ ਕਰ ਦੇਣੀ ਚਾਹੀਦੀ ਸੀ। ਕਿਉਂਕਿ ਮੇਨ ਹੋਲਾਂ ਦੇ ਢੱਕਣ ਵੀ ਮੀਂਹ ਕਾਰਨ ਅਕਸਰ ਖੁੱਲ੍ਹੇ ਹੀ ਹੁੰਦੇ ਹਨ, ਜਿਸ ਕਾਰਨ ਕੋਈ ਵੀ ਹਾਦਸਾ ਹੋ ਸਕਦਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ