JALANDHAR WEATHER

ਸੋਸ਼ਲ ਮੀਡੀਆ 'ਤੇ ਫ਼ੈਲਾਈਆਂ ਜਾ ਰਹੀਆਂ ਤੱਥਹੀਣ ਖ਼ਬਰਾਂ ਤੇ ਲੋਕ ਵਿਸ਼ਵਾਸ ਨਾ ਕਰਨ - ਆਹੀਰ

ਫ਼ਤਹਿਗੜ੍ਹ ਸਾਹਿਬ 30 ਜਨਵਰੀ (ਬਲਜਿੰਦਰ ਸਿੰਘ) - ਪਿਛਲੇ ਦਿਨੀਂ ਸਰਹਿੰਦ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਰੇਲਵੇ ਲਾਈਨ ਉੱਪਰ ਹੋਏ ਬੰਬ ਧਮਾਕੇ ਤੋਂ ਬਾਅਦ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਣੇ ਸਹਿਮ ਭਰੇ ਮਾਹੌਲ ਨੂੰ ਅਜੇ ਰਾਹਤ ਨਹੀਂ ਮਿਲੀ ਸੀ ਕਿ ਬੀਤੀ ਰਾਤ ਮੁੜ ਤੋਂ ਸ਼ਹਿਰ ਵਿਚ ਸੁਣਾਈ ਦਿੱਤੀ ਇਕ ਜ਼ੋਰਦਾਰ ਧਮਾਕੇ ਜਿਹੀ ਆਵਾਜ਼ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ। ਅਚਾਨਕ ਆਈ ਇਸ ਤੇਜ਼ ਆਵਾਜ਼ ਕਾਰਨ ਲੋਕਾਂ ਦੀ ਨੀਂਦ ਉੱਡ ਗਈ ਅਤੇ ਕਈ ਨਾਗਰਿਕ ਘਰਾਂ ਤੋਂ ਬਾਹਰ ਨਿਕਲ ਆਏ।
ਧਮਾਕੇ ਦੀ ਆਵਾਜ਼ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਹਿਰ ਭਰ ਵਿਚ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵਲੋਂ ਸੰਵੇਦਨਸ਼ੀਲ ਥਾਵਾਂ ਦੀ ਛਾਣਬੀਣ ਕੀਤੀ ਗਈ ਪਰ ਕਿਸੇ ਵੀ ਥਾਂ ਤੋਂ ਧਮਾਕੇ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੇ ਸਬੂਤ ਨਹੀਂ ਮਿਲੇ।
ਇਸ ਸੰਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਐਸਪੀ (ਪੀਬੀਆਈ) ਜਸਕੀਰਤ ਅਹੀਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.45 ਵਜੇ ਫ਼ਤਹਿਗੜ੍ਹ ਸਾਹਿਬ ਦੇ ਕੁਝ ਇਲਾਕਿਆਂ ਵਿਚ ਲੋਕਾਂ ਵਲੋਂ ਜ਼ੋਰਦਾਰ ਆਵਾਜ਼ ਸੁਣੇ ਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਵਲੋਂ ਵਿਸ਼ੇਸ਼ ਜਾਂਚ ਅਭਿਆਨ ਚਲਾਇਆ ਗਿਆ, ਪਰ ਕਿਤੇ ਵੀ ਕਿਸੇ ਕਿਸਮ ਦੇ ਧਮਾਕੇ ਦੀ ਪੁਸ਼ਟੀ ਨਹੀਂ ਹੋ ਸਕੀ।
ਐਸਪੀ ਜਸਕੀਰਤ ਸਿੰਘ ਨੇ ਸਪਸ਼ਟ ਕੀਤਾ ਕਿ ਇਹ ਆਵਾਜ਼ ਸੰਭਵਤ: ਫਾਈਟਰ ਜੈੱਟ ਜਹਾਜ਼ਾਂ ਦੀ ਉਡਾਣ ਦੌਰਾਨ ਪੈਦਾ ਹੋਏ ਸੋਨਿਕ ਬੂਮ ਕਾਰਨ ਹੋ ਸਕਦੀ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਤੱਥਹੀਣ ਅਤੇ ਅਫ਼ਵਾਹੀ ਖ਼ਬਰਾਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ