ਜਿਊਲਰਜ਼ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ
ਡੱਬਵਾਲੀ, 30 ਜਨਵਰੀ (ਇਕਬਾਲ ਸਿੰਘ ਸ਼ਾਂਤ) - ਬੀਤੀ ਰਾਤ ਇਥੇ ਗੋਲ ਬਾਜ਼ਾਰ ਵਿਖੇ ਸਥਿਤ ਚੌਧਰੀ ਦੇਵੀ ਲਾਲ ਮਾਰਕੀਟ ਵਿਚ ਚੋਰਾਂ ਨੇ ਰਾਜਵੀਰ ਜਿਊਲਰਜ਼ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਚਾਂਦੀ-ਸੋਨੇ ਦੇ ਗਹਿਣਿਆਂ ਅਤੇ ਨਗਦੀ ’ਤੇ ਹੱਥ ਸਾਫ਼ ਕਰ ਦਿੱਤਾ। ਵਾਰਦਾਤ ਨੂੰ ਸ਼ਟਰ ਤੋੜ ਕੇ ਅੰਜਾਮ ਦਿੱਤਾ ਗਿਆ। ਇਹ ਦੁਕਾਨ ਗੋਲ ਬਾਜ਼ਾਰ ਚੌਕੀ ਤੋਂ ਕਰੀਬ 300 ਮੀਟਰ ਦੀ ਦੂਰੀ ’ਤੇ ਸਥਿਤ ਹੈ। ਪੁਲਿਸ ਮੁਤਾਬਕ ਸਵੇਰੇ 4 ਵਜੇ ਤੱਕ ਪੁਲਿਸ ਟੀਮ ਗਸ਼ਤ ’ਤੇ ਸੀ, ਅਜਿਹੇ ਵਿਚ ਸੰਭਾਵਨਾ ਹੈ ਕਿ ਵਾਰਦਾਤ ਇਸ ਤੋਂ ਬਾਅਦ ਅੰਜਾਮ ਦਿੱਤੀ ਗਈ ਹੋਵੇ।
ਘਟਨਾ ਦਾ ਖ਼ੁਲਾਸਾ ਅੱਜ ਸਵੇਰੇ ਉਸ ਵੇਲੇ ਹੋਇਆ, ਜਦੋਂ ਬਾਜ਼ਾਰ ਵਿਚ ਲੋਕਾਂ ਦੀ ਆਵਾਜਾਈ ਸ਼ੁਰੂ ਹੋਈ ਅਤੇ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਨਜ਼ਰ ਆਇਆ। ਸੂਚਨਾ ਮਿਲਦੇ ਹੀ ਗੋਲ ਬਾਜ਼ਾਰ ਚੌਕੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ।ਰਾਜਵੀਰ ਜਿਊਲਰਜ਼ ਦੇ ਮਾਲਕ ਰਾਜਿੰਦਰ ਸੋਨੀ ਵਾਸੀ ਖੁਈਆਂ ਮਲਕਾਣਾ ਨੇ ਦੱਸਿਆ ਕਿ ਚੋਰ ਸੱਬਲ ਆਦਿ ਨਾਲ ਸ਼ਟਰ ਨੂੰ ਇਕ ਪਾਸੇ ਤੋਂ ਉਖਾੜ ਕੇ ਦੁਕਾਨ ਵਿਚ ਦਾਖ਼ਲ ਹੋਏ ਅਤੇ ਡਿਸਪਲੇ ਕਾਊਂਟਰ ਵਿਚ ਰੱਖੇ ਕਰੀਬ 2 ਕਿਲੋ ਚਾਂਦੀ ਦੇ ਗਹਿਣੇ, ਕਰੀਬ 6-7 ਗ੍ਰਾਮ ਸੋਨੇ ਦੇ ਕੋਕੇ, ਲਾਕੇਟ ਤੇ ਨੱਥ ਅਤੇ ਕਰੀਬ 10-12 ਹਜ਼ਾਰ ਰੁਪਏ ਨਗਦ ਚੋਰੀ ਕਰਕੇ ਲੈ ਗਏ। ਸ਼ੁਰੂਆਤੀ ਅਨੁਮਾਨ ਅਨੁਸਾਰ ਇਸ ਵਾਰਦਾਤ ਵਿੱਚ 9 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਦੂਜੇ ਪਾਸੇ ਗੋਲ ਬਾਜ਼ਾਰ ਚੌਕੀ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਤੱਕ ਪੁਲਿਸ ਗਸ਼ਤ ਜਾਰੀ ਸੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਕਿਧਰੇ ਵੀ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ, ਜਿਸ ਕਾਰਨ ਜਾਂਚ ਵਿਚ ਮੁਸ਼ਕਲ ਆ ਰਹੀ ਹੈ। ਫਿਲਹਾਲ ਚੋਰਾਂ ਦਾ ਸੁਰਾਗ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹਨ।
;
;
;
;
;
;
;
;
;