ਨਵੀਂ ਦਾਣਾ ਮੰਡੀ ਨੇੜੇ ਪੈਟਰੋਲ ਨਾਲ ਭਰਿਆ ਟੈਂਕਰ ਪਲਟਿਆ, ਲੋਕ ਬਾਲਟੀਆਂ ਲੈ ਕੇ ਪਹੁੰਚੇ
ਕਪੂਰਥਲਾ, 30 ਜਨਵਰੀ (ਅਮਨਜੋਤ ਸਿੰਘ ਵਾਲੀਆ)- ਅੱਜ ਦੁਪਹਿਰ ਕਪੂਰਥਲਾ ਦੀ ਨਵੀਂ ਦਾਣਾ ਮੰਡੀ ਦੇ ਪਿਛੇ ਡਬਲ ਰੋਡ 'ਤੇ ਇਕ ਪੈਟਰੋਲ ਟੈਂਕਰ ਪਲਟ ਗਿਆ। ਖ਼ੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਅੱਗ ਨਹੀਂ ਲੱਗੀ ਹਾਲਾਂਕਿ, ਟੈਂਕਰ ਵਿਚੋਂ ਪੈਟਰੋਲ ਲੀਕ ਹੋਣ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਹਾਦਸੇ ਤੋਂ ਬਾਅਦ ਚਾਲਕ ਮੌਕੇ ’ਤੋਂ ਭੱਜ ਗਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਟੈਂਕਰ ਤੇਜ਼ ਰਫ਼ਤਾਰ ਨਾਲ ਮੋੜ ਲੈਂਦੇ ਸਮੇਂ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ, ਜਿਸ ਕਾਰਨ ਪੈਟਰੋਲ ਲੀਕ ਹੋ ਗਿਆ। ਲੀਕ ਨੂੰ ਦੇਖ ਕੇ ਨੇੜਲੇ ਕੁੱਝ ਨਿਵਾਸੀਆਂ ਨੇ ਬਾਲਟੀਆਂ ਵਿਚ ਪੈਟਰੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਸਥਿਤੀ ਹੋਰ ਵਿਗੜ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਐਸ.ਪੀ. ਸਬ-ਡਵੀਜ਼ਨ ਸ਼ੀਤਲ ਸਿੰਘ ਦੀ ਅਗਵਾਈ ਹੇਠ ਸਦਰ ਪੁਲਿਸ ਸਟੇਸ਼ਨ ਅਤੇ ਪੀ.ਸੀ.ਆਰ. ਪੁਲਿਸ ਟੀਮ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਬਾਹਰ ਕੱਢਿਆ।
ਸਾਵਧਾਨੀ ਵਜੋਂ ਫਾਇਰ ਬਿ੍ਗੇਡ ਅਤੇ ਐਂਬੂਲੈਂਸ ਨੂੰ ਵੀ ਬੁਲਾਇਆ ਗਿਆ। ਪੈਟਰੋਲ ਤੋਂ ਕਿਸੇ ਵੀ ਸੰਭਾਵੀ ਅੱਗ ਨੂੰ ਰੋਕਣ ਲਈ ਫਾਇਰ ਬਿ੍ਗੇਡ ਟੀਮ ਨੇ ਬਚਾਅ ਕਾਰਜ ਸ਼ੁਰੂ ਕੀਤਾ। ਮੌਕੇ 'ਤੇ ਮੌਜੂਦ ਡੀ.ਐਸ.ਪੀ. ਸ਼ੀਤਲ ਸਿੰਘ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ, ਲੋਕਾਂ ਨੂੰ ਸੁਰੱਖਿਅਤ ਦੂਰੀ 'ਤੇ ਰੱਖਿਆ ਗਿਆ ਹੈ ਅਤੇ ਪੈਟਰੋਲ ਲੀਕ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਫਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ |
;
;
;
;
;
;
;
;