JALANDHAR WEATHER

ਮਲੇਸ਼ੀਆ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 7 ਫ਼ਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਮਲੇਸ਼ੀਆ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋਏ। ਇਹ ਦੌਰਾ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾਤੋ ਸੇਰੀ ਅਨਵਰ ਇਬਰਾਹਿਮ ਦੇ ਸੱਦੇ 'ਤੇ ਹੋ ਰਿਹਾ ਹੈ। ਆਪਣੀ ਫੇਰੀ ਦੌਰਾਨ ਮੋਦੀ ਮਲੇਸ਼ੀਆ ਵਿਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਅਤੇ ਵਪਾਰਕ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ।

ਵਿਦੇਸ਼ ਮਾਮਲਿਆਂ ਦੇ ਸਕੱਤਰ ਪੀ. ਕੁਮਾਰਨ ਨੇ ਕਿਹਾ ਕਿ ਇਹ ਫੇਰੀ ਆਸੀਆਨ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਅਤੇ ਮਲੇਸ਼ੀਆ ਨਾਲ ਸਹਿਯੋਗ ਵਧਾਉਣ ਲਈ ਮਹੱਤਵਪੂਰਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਗੌੜੇ ਜ਼ਾਕਿਰ ਨਾਇਕ, ਜੋ ਕਿ 10 ਸਾਲਾਂ ਤੋਂ ਮਲੇਸ਼ੀਆ ਵਿਚ ਰਹਿ ਰਿਹਾ ਹੈ, ਦੇ ਮੁੱਦੇ 'ਤੇ ਵੀ ਇਸ ਫੇਰੀ ਦੌਰਾਨ ਚਰਚਾ ਕੀਤੀ ਜਾਵੇਗੀ। ਭਾਰਤ ਪਹਿਲਾਂ ਵੀ ਕਈ ਮੌਕਿਆਂ 'ਤੇ ਇਸ ਮੁੱਦੇ ਨੂੰ ਉਠਾ ਚੁੱਕਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਭਾਰਤ-ਮਲੇਸ਼ੀਆ ਸੀ.ਈ.ਓ. ਫੋਰਮ ਦੀ 10ਵੀਂ ਮੀਟਿੰਗ ਵੀ 8 ਫਰਵਰੀ ਨੂੰ ਕੁਆਲਾਲੰਪੁਰ ਵਿਚ ਹੋਵੇਗੀ। ਪ੍ਰਧਾਨ ਮੰਤਰੀ ਮਲੇਸ਼ੀਆ ਦੇ ਪ੍ਰਮੁੱਖ ਉਦਯੋਗਪਤੀਆਂ ਅਤੇ ਵਪਾਰਕ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ।

ਵਿਦੇਸ਼ ਮੰਤਰਾਲੇ ਅਨੁਸਾਰ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਮੁਲਾਕਾਤ ਦੌਰਾਨ ਦੋਵੇਂ ਦੇਸ਼ ਭਾਰਤ ਅਤੇ ਮਲੇਸ਼ੀਆ ਵਿਚਕਾਰ ਵਿਆਪਕ ਰਣਨੀਤਕ ਭਾਈਵਾਲੀ ਵਿਚ ਵਿਕਾਸ ਦੀ ਸਮੀਖਿਆ ਕਰਨਗੇ ਅਤੇ ਹੋਰ ਕਿਹੜੇ ਵਿਕਾਸ ਕੀਤੇ ਜਾ ਸਕਦੇ ਹਨ, ਇਸ ਬਾਰੇ ਵਿਚਾਰ ਚਰਚਾ ਕਰਨਗੇ।

ਵਿਦੇਸ਼ ਮੰਤਰਾਲੇ ਦੇ ਅਨੁਸਾਰ ਗੱਲਬਾਤ ਵਿਚ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਸੈਮੀਕੰਡਕਟਰ, ਡਿਜੀਟਲ ਤਕਨਾਲੋਜੀ, ਨਵਿਆਉਣਯੋਗ ਊਰਜਾ, ਸਿੱਖਿਆ, ਸਿਹਤ, ਸੈਰ-ਸਪਾਟਾ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਮੁੱਖ ਮੁੱਦਿਆਂ 'ਤੇ ਚਰਚਾ ਹੋਵੇਗੀ।

ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਮਲੇਸ਼ੀਆ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਵੀ ਮਿਲਣਗੇ ਅਤੇ ਸੰਬੋਧਨ ਕਰਨਗੇ। ਮਲੇਸ਼ੀਆ ਵਿਚ ਭਾਰਤੀ ਮੂਲ ਦੇ ਲਗਭਗ 29 ਲੱਖ ਲੋਕ ਰਹਿੰਦੇ ਹਨ, ਜੋ ਇਸ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਭਾਰਤੀ ਡਾਇਸਪੋਰਾ (ਪ੍ਰਵਾਸੀ ਭਾਈਚਾਰਾ) ਬਣਾਉਂਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ