ਪੁਲਿਸ ਨੇ ਲੱਕੀ ਓਬਰਾਏ ਦੇ ਕਾਤਲ ਦਾ ਕੀਤਾ ਐਨਕਾਊਂਟਰ
ਅਟਾਰੀ ਸਰਹੱਦ, (ਅੰਮ੍ਰਿਤਸਰ)-7 ਜਨਵਰੀ (ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ)-ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਦੇਰ ਰਾਤ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦ ਜਲੰਧਰ ਵਿਖੇ ਬੀਤੀ ਕੱਲ੍ਹ ਆਮ ਆਦਮੀ ਪਾਰਟੀ ਦੇ ਮਾਰੇ ਗਏ ਇਕ ਆਗੂ ਲੱਕੀ ਓਬਰਾਏ ਦੇ ਕਾਤਲ ਦਾ ਅਟਾਰੀ ਸਰਹੱਦ ਦੇ ਨੇੜੇ ਇਨਕਾਊਂਟਰ ਕੀਤਾ ਗਿਆ ਹੈ।
ਡੀ.ਆਈ.ਜੀ. ਬਾਰਡਰ ਰੇਂਜ ਸ੍ਰੀ ਸੰਦੀਪ ਗੋਇਲ, ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ, ਐਸ.ਪੀ.ਡੀ., ਡੀ.ਐਸ.ਪੀ. ਅਟਾਰੀ ਸ਼੍ਰੀ ਯਾਦਵਿੰਦਰ ਸਿੰਘ, ਐਸ.ਐਚ. ਓ. ਅਮਨਦੀਪ ਸਿੰਘ, ਐਸ. ਆਈ. ਰਾਜਬੀਰ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਲੱਕੀ ਓਬਰਾਏ ਦੇ ਕਾਤਲ ,ਜਿਸਦਾ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ ਹੈ, ਦੀ ਪਛਾਣ ਸ਼ਮਿੰਦਰ ਸਿੰਘ ਮਾਡਲ ਟਾਊਨ ਮਿੱਠਾਪੁਰ ਨੇੜੇ ਜਲੰਧਰ ਵਜੋਂ ਹੋਈ ਹੈ I ਖਬਰ ਲਿਖੇ ਜਾਣ ਤੱਕ ਐਨਕਾਊਂਟਰ ਕੀਤੇ ਸ਼ਮਿੰਦਰ ਸਿੰਘ ਵਾਸੀ ਮਿੱਠਾਪੁਰ ਜਲੰਧਰ ਪਾਸੋਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉਤੇ ਪਹੁੰਚ ਕੇ ਪੁਛ ਪੜਤਾਲ ਕਰ ਰਹੇ ਹਨ, ਜੋ ਕਿ ਪੁਲਿਸ ਮੁਕਾਬਲੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ, ਉਸ ਨੂੰ ਪੁਲਿਸ ਵਲੋਂ ਹਸਪਤਾਲ ਇਲਾਜ ਅਧੀਨ ਲਿਜਾਇਆ ਗਿਆ ਹੈ।
ਗੈਂਗਸਟਰ ਦੇ ਐਨਕਾਊਂਟਰ ਵਾਲੇ ਸਥਾਨ ਉਤੇ ਪਹੁੰਚੇ ਡੀ.ਆ.ਈ.ਜੀ. ਬਾਰਡਰ ਰੇਂਜ ਸ਼੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਬੀਤੇ ਕੱਲ੍ਹ ਜਲੰਧਰ ਦੇ ਇਕ ਗੁਰਦੁਆਰਾ ਸਾਹਿਬ ਵਿਖੇ 2 ਗੈਂਗਸਟਰਾਂ ਵਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਲੱਕੀ ਓਬਰਾਏ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਉਤੇ ਪੁਲਿਸ ਨੇ ਕਾਰਵਾਈ ਕਰਦਿਆਂ ਤੇ ਉਕਤ ਦੋਵੇਂ ਗੈਂਗਸਟਰਾਂ ਦੀ ਪੈੜ ਨੱਪਦਿਆਂ ਉਨ੍ਹਾਂ ਦੀ ਲੋਕੇਸ਼ਨ ਦੇ ਅਨੁਸਾਰ ਮਿਲੀ ਸੂਚਨਾ ਦੇ ਅਧਾਰ ਉਤੇ ਘਰਿੰਡਾ ਪੁਲਿਸ ਦੀ ਟੀਮ ਐਸ. ਐਚ. ਓ. ਅਮਨਦੀਪ ਸਿੰਘ ਦੀ ਅਗਵਾਈ ’ਚ ਪਿੱਛਾ ਕਰ ਰਹੀ ਸੀ ਕਿ ਅਟਾਰੀ ਸਰਹੱਦ ਦੇ ਨਜ਼ਦੀਕ ਇਸ ਗੈਂਗਸਟਰ ਸ਼ਵਿੰਦਰ ਸਿੰਘ, ਜੋ ਕਿ ਕਬੱਡੀ ਦਾ ਪਲੇਅਰ ਹੈ, ਉਸ ਨੂੰ ਮੋਟਰਸਾਈਕਲ ਉਤੇ ਜਾਂਦਿਆਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਵਲੋਂ 30 ਬੋਰ ਦੇ ਬਰੇਟਾ ਇਟਲੀ ਪਿਸਟਲ ਨਾਲ ਪੁਲਿਸ ਉਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ’ਤੇ ਜਵਾਬੀ ਫਾਇਰਿੰਗ ਕਰਦਿਆਂ ਪੁਲਿਸ ਨੇ ਵੀ ਗੈਂਗਸਟਰ ਨੂੰ ਗੋਲੀਆਂ ਮਾਰੀਆਂ, ਜੋ ਉਸ ਦੀਆਂ ਲੱਤਾਂ ਉਤੇ ਲੱਗੀਆਂ ਤੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਲੱਕੀ ਓਬਰਾਏ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਨੂੰ ਆਪਣੇ ਐਕਟਵਾ ਉਤੇ ਭਜਾ ਕੇ ਲੈ ਜਾਣ ਵਾਲਾ ਇਹ ਸ਼ਮਿੰਦਰ ਸਿੰਘ ਵਾਸੀ ਮਿੱਠਾਪੁਰ ਹੀ ਸੀ, ਜੋ ਕਿ ਲੱਕੀ ਓਬਰਾਏ ਦਾ ਕਿਸੇ ਸਮੇਂ ਬਹੁਤ ਨਜ਼ਦੀਕੀ ਸਾਥੀ ਸੀ ਤੇ ਕਬੱਡੀ ਦਾ ਨਾਮਵਰ ਖਿਡਾਰੀ ਵੀ ਸੀ।
;
;
;
;
;
;
;
;