ਯੂ.ਪੀ. ’ਚ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਵਲੋਂ ਸਖ਼ਤ ਨਿੰਦਾ
ਅੰਮ੍ਰਿਤਸਰ, 7 ਫਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ 'ਚ ਜ਼ਿਲ੍ਹਾ ਮੁਰਾਦਾਬਾਦ ਦੇ ਕਸਬਾ ਕਾਂਠ ’ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਾਕਾ ਜਪਨ ਸਿੰਘ ਨੂੰ ਬੀ. ਏ. ਦੇ ਪੇਪਰ ਦੌਰਾਨ ਕਿਰਪਾਨ ਪਾ ਕੇ ਪ੍ਰੀਖਿਆ ’ਚ ਬੈਠਣ ਤੋਂ ਰੋਕਣ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ।
ਬੀਤੇ ਦਿਨੀਂ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਬ੍ਰਿਜਪਾਲ ਸਿੰਘ ਦੀ ਅਗਵਾਈ ਹੇਠ ਇਕ ਟੀਮ ਨੂੰ ਸਬੰਧਿਤ ਕਾਲਜ ’ਚ ਪੜਤਾਲ ਲਈ ਭੇਜਿਆ ਗਿਆ ਸੀ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ’ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਬੇਹੱਦ ਗੰਭੀਰ ਮਾਮਲਾ ਹੈ, ਜਿਸ ਦੀ ਉੱਤਰ ਪ੍ਰਦੇਸ਼ ਸਰਕਾਰ ਨੂੰ ਜਾਂਚ ਕਰਵਾ ਕੇ ਦੋਸ਼ੀ ਪ੍ਰਿੰਸੀਪਲ ਅਤੇ ਅਧਿਆਪਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਕਾਰ ਸਿੱਖ ਰਹਿਣੀ ਦਾ ਅਹਿਮ ਹਿੱਸਾ ਹਨ ਅਤੇ ਭਾਰਤ ਦੇਸ਼ ਅੰਦਰ ਸਿੱਖਾਂ ਨੂੰ ਸੰਵਿਧਾਨਕ ਤੌਰ ’ਤੇ ਇਸ ਦੀ ਅਜ਼ਾਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਅਜਿਹੀ ਪ੍ਰੇਸ਼ਾਨੀ ਦਾ ਅਕਸਰ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸੰਬੰਧ ’ਚ ਸ਼੍ਰੋਮਣੀ ਕਮੇਟੀ ਵਲੋਂ ਕਈ ਵਾਰ ਭਾਰਤ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਲਿਖਿਆ ਜਾ ਚੁੱਕਾ ਹੈ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਜਾਣਬੁਝ ਕੇ ਸਿੱਖ ਵਿਦਿਆਰਥੀਆਂ ਨਾਲ ਇਹ ਧੱਕਾ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੋਸ਼ੀ ਅਧਿਆਪਕਾਂ ਖ਼ਿਲਾਫ਼ ਕਾਰਵਾਈ ਲਈ ਉਤਰ ਪ੍ਰਦੇਸ਼ ਸਰਕਾਰ ਤੱਕ ਪਹੁੰਚ ਕਰੇਗੀ।
;
;
;
;
;
;
;
;