328 ਪਾਵਨ ਸਰੂਪ ਮਾਮਲੇ ਵਿਚ ਪੰਜਾਬ ਸਰਕਾਰ ਅੰਮ੍ਰਿਤਧਾਰੀ ਗੁਰਸਿੱਖ ਅਫ਼ਸਰਾਂ 'ਤੇ ਅਧਾਰਤ ਜਾਂਚ ਟੀਮ ਬਣਾਵੇ - ਜਥੇਦਾਰ ਗੜਗੱਜ
ਅੰਮ੍ਰਿਤਸਰ, 9 ਫਰਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ ਕਿ 328 ਪਾਵਨ ਸਰੂਪ ਮਾਮਲੇ ਵਿਚ ਜਾਂਚ ਕਰ ਰਹੀ ਪੁਲਿਸ ਟੀਮ ਅੰਮ੍ਰਿਤਧਾਰੀ ਗੁਰਸਿੱਖ ਅਫਸਰਾਂ 'ਤੇ ਅਧਾਰਤ ਹੀ ਹੋਣੀ ਚਾਹੀਦੀ ਹੈ। ਅੱਜ ਇੱਥੇ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਟਿੱਪਣੀਆਂ ਕਰਨ ਵਾਲੇ ਪ੍ਰਚਾਰਕ ਗੁਰਜੰਟ ਸਿੰਘ ਨੇ ਭਾਵੇਂ ਅੱਜ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੁੱਜ ਕੇ ਮੁਆਫੀ ਮੰਗੀ ਹੈ, ਪਰ ਉਸਦੇ ਮਾਮਲੇ 'ਤੇ ਪੰਜ ਸਿੰਘ ਸਾਹਿਬਾਨ ਦੀ ਆਗਾਮੀ ਹੋਣ ਵਾਲੀ ਇਕੱਤਰਤਾ ਵਿਚ ਵਿਚਾਰ ਕੀਤਾ ਜਾਵੇਗਾ। ਉਦੋਂ ਤੱਕ ਉਸਦੇ ਕਿਸੇ ਵੀ ਧਾਰਮਿਕ ਸਟੇਜ 'ਤੇ ਕੀਰਤਨ ਕਰਨ ਜਾਂ ਪ੍ਰਚਾਰ ਕਰਨ'ਤੇ ਪਾਬੰਦੀ ਲਾਈ ਜਾਂਦੀ ਹੈ। ਜਥੇਦਾਰ ਗੜਗੱਜ ਨੇ ਦੱਸਿਆ ਕਿ ਕਨੇਡਾ ਦੇ ਸ਼ਹਿਰ ਵਿਨੀਪੈਗ ਦੇ ਗੁਰਦੁਆਰਾ ਕਮੇਟੀ ਸਿੱਖ ਸੈਂਟਰ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਉੱਥੇ ਚੱਲ ਰਹੇ ਮਾਮਲੇ ਸਬੰਧੀ 10 ਦਿਨਾਂ ਦੇ ਅੰਦਰ ਅੰਦਰ ਅਕਾਲ ਤਖ਼ਤ ਸਾਹਿਬ ਪੁੱਜ ਕੇ ਨਿੱਜੀ ਤੌਰ ਤੇ ਸਪਸ਼ਟੀਕਰਨ ਦੇਣ ਲਈ ਆਦੇਸ਼ ਕੀਤਾ ਗਿਆ ਹੈ। ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਕੁਝ ਪੁਲਿਸ ਅਧਿਕਾਰੀਆਂ ਵਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਸੰਬੰਧੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿਚ ਹੁਣ ਤੱਕ ਉਨ੍ਹਾਂ ਵਲੋਂ ਨੋਟਿਸ ਲੈ ਕੇ ਕੀ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੋਲਾ ਵੀ ਹਾਜ਼ਰ ਸਨ।
;
;
;
;
;
;
;