ਈ-ਮੇਲ ਰਾਹੀਂ ਬੰਬ ਧਮਕੀ, ਮੁਹਾਲੀ ਦੇ ਦਰਜਨ ਭਰ ਸਕੂਲਾਂ ਦੀ ਤਲਾਸ਼ੀ ਬਾਅਦ ਕੁਝ ਵੀ ਸ਼ੱਕੀ ਨਾ ਮਿਲਿਆ
ਐੱਸ. ਏ. ਐੱਸ. ਨਗਰ 11 ਫਰਵਰੀ (ਕਪਿਲ ਵਧਵਾ)– ਬੁੱਧਵਾਰ ਸਵੇਰੇ ਮੁਹਾਲੀ ਦੇ ਦਰਜਨ ਭਰ ਸਕੂਲਾਂ ਨੂੰ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿਚ ਆ ਗਈਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਸਿਟੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:30 ਵਜੇ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਸ਼ਹਿਰ ਦੇ ਕਰੀਬ ਦਰਜਨ ਭਰ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਧਮਕੀ ਭੇਜੀ ਗਈ ਹੈ। ਸੂਚਨਾ ਮਿਲਦੇ ਹੀ ਸੰਬੰਧਿਤ ਇਲਾਕਿਆਂ ਦੇ ਪੁਲਿਸ ਅਧਿਕਾਰੀਆਂ ਵਲੋਂ ਯੋਜਨਾਬੱਧ ਤਰੀਕੇ ਨਾਲ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਡੋਗ ਸਕੂਐਡ ਅਤੇ ਐਂਟੀ ਸਾਬੋਤਾਜ ਟੀਮਾਂ ਵਲੋਂ ਸਕੂਲਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਘੰਟਿਆਂ ਚੱਲੀ ਜਾਂਚ ਦੌਰਾਨ ਕਿਸੇ ਵੀ ਸਕੂਲ ਵਿਚੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਪੁਲਿਸ ਵਲੋਂ ਸਕੂਲ ਪ੍ਰਬੰਧਕਾਂ ਨਾਲ ਸਹਿਯੋਗ ਕਰਦਿਆਂ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਗਈ।
ਐੱਸ.ਪੀ. ਸਿਟੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਧਮਕੀ ਭਰੀ ਈ-ਮੇਲ ਦੀ ਸੱਚਾਈ ਸ਼ੱਕ ਦੇ ਘੇਰੇ ਵਿਚ ਹੈ, ਪਰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਇਬਰ ਸੈੱਲ ਦੀ ਮਦਦ ਨਾਲ ਈ-ਮੇਲ ਭੇਜਣ ਵਾਲੇ ਦੀ ਪਛਾਣ ਲਈ ਜਾਂਚ ਜਾਰੀ ਹੈ। ਪੁਲਿਸ ਵਲੋਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
;
;
;
;
;
;
;
;
;