JALANDHAR WEATHER

ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿਚ ਬੰਦ ਦਾ ਸੱਦਾ ਲਗਭਗ ਬੇਅਸਰ

ਕਪੂਰਥਲਾ, 12 ਫਰਵਰੀ - ਦੇਸ਼ ਭਰ ਵਿਚ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਜ਼ਿਲ੍ਹਾ ਕਪੂਰਥਲਾ ਅਤੇ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਚ ਕੋਈ ਵੱਡਾ ਅਸਰ ਵੇਖਣ ਨੂੰ ਨਹੀਂ ਮਿਲਿਆ। ਸਵੇਰ ਤੋਂ ਹੀ ਦੋਹਾਂ ਸ਼ਹਿਰਾਂ ਦੇ ਮੁੱਖ ਬਾਜ਼ਾਰ ਖੁੱਲ੍ਹ ਗਏ ਅਤੇ ਲੋਕ ਆਮ ਦਿਨਾਂ ਵਾਂਗ ਖ਼ਰੀਦਦਾਰੀ ਲਈ ਬਾਹਰ ਨਿਕਲੇ, ਜਿਸ ਨਾਲ ਬੰਦ ਦਾ ਸੱਦਾ ਲਗਭਗ ਬੇਅਸਰ ਸਾਬਤ ਹੋਇਆ।

ਸਵੇਰੇ 9 ਵਜੇ ਤੋਂ ਬਾਅਦ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਂਕ, ਸਦਰ ਬਾਜ਼ਾਰ ਅਤੇ ਹੋਰ ਵਪਾਰਕ ਇਲਾਕਿਆਂ ਵਿਚ ਰੋਜ਼ਾਨਾ ਵਰਗੀ ਹੀ ਰੌਣਕ ਰਹੀ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਕਾਰੋਬਾਰ ਸ਼ੁਰੂ ਕੀਤਾ ਅਤੇ ਗਾਹਕ ਵੀ ਵੱਡੀ ਗਿਣਤੀ ਵਿਚ ਖ਼ਰੀਦਦਾਰੀ ਲਈ ਪਹੁੰਚੇ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਮੰਡੀਆਂ, ਬਾਜ਼ਾਰਾਂ ਅਤੇ ਧਾਰਮਿਕ ਸਥਾਨਾਂ ਦੇ ਨੇੜਲੇ ਇਲਾਕਿਆਂ ਵਿੱਚ ਵੀ ਆਵਾਜਾਈ ਜਾਰੀ ਰਹੀ ਅਤੇ ਸ਼ਹਿਰ ਦੀ ਜ਼ਿੰਦਗੀ ਆਮ ਰਹੀ।

ਹਾਲਾਂਕਿ ਸਰਕਾਰੀ ਬੱਸ ਸੇਵਾ ਕੁਝ ਸਮੇਂ ਲਈ ਪ੍ਰਭਾਵਿਤ ਰਹੀ, ਪਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਅਤੇ ਛੋਟੇ ਵਾਹਨਾਂ ਨੇ ਆਵਾਜਾਈ ਨੂੰ ਜਾਰੀ ਰੱਖਿਆ, ਜਿਸ ਕਾਰਨ ਯਾਤਰੀਆਂ ਨੂੰ ਵੱਡੀ ਦਿੱਕਤ ਨਹੀਂ ਆਈ। ਆਟੋ-ਰਿਕਸ਼ਾ, ਟੈਂਪੋ ਅਤੇ ਨਿੱਜੀ ਵਾਹਨਾਂ ਦੀ ਆਵਾਜਾਈ ਕਾਰਨ ਲੋਕ ਆਪਣੀਆਂ ਮੰਜਿਲਾਂ ਤੱਕ ਆਸਾਨੀ ਨਾਲ ਪਹੁੰਚਦੇ ਰਹੇ।

ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ ਦੇ ਸੰਵੇਦਨਸ਼ੀਲ ਥਾਵਾਂ ‘ਤੇ ਚੌਕਸੀ ਵਧਾਈ ਗਈ ਅਤੇ ਮੁੱਖ ਚੌਰਾਹਿਆਂ ‘ਤੇ ਨਾਕਾਬੰਦੀ ਕੀਤੀ ਗਈ, ਪਰ ਕਿਤੇ ਵੀ ਕਿਸੇ ਅਣਚਾਹੀ ਘਟਨਾ ਦੀ ਸੂਚਨਾ ਨਹੀਂ ਮਿਲੀ। ਪ੍ਰਸ਼ਾਸਨ ਨੇ ਹਾਲਾਤਾਂ ‘ਤੇ ਨਿਗਰਾਨੀ ਬਣਾਈ ਰੱਖੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ