ਦੋ ਵੱਖ-ਵੱਖ ਵਾਰਦਾਤਾਂ ਵਿਚ ਪੁਲਿਸ ਦੀ ਕਾਰਵਾਈ, 14 ਮੁਲਜ਼ਮ ਗ੍ਰਿਫ਼ਤਾਰ
ਐਸ.ਏ.ਐਸ. ਨਗਰ, 19 ਫ਼ਰਵਰੀ (ਕਪਿਲ ਵਧਵਾ)- ਦੋ ਵੱਖ-ਵੱਖ ਅਪਰਾਧਿਕ ਵਾਰਦਾਤਾਂ ਸੰਬੰਧੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਕੁੱਲ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ।
ਫੇਜ਼-11 ਵਿਚ ਲਕਸ਼ਮੀ ਨਰਾਇਣ ਮੰਦਿਰ ਨੇੜੇ 14-15 ਫ਼ਰਵਰੀ ਦੀ ਰਾਤ ਵਾਪਰੇ ਚਾਕੂ ਹਮਲੇ ਦੇ ਮਾਮਲੇ ਵਿਚ ਹੁਣ ਤੱਕ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੋਟਰਸਾਈਕਲ ਰੇਸਿੰਗ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਨੌਜਵਾਨ ਵਲੋਂ ਗੁਰਸੇਵਕ ਸਿੰਘ ਦੀ ਛਾਤੀ ’ਤੇ ਕਿਰਚ ਨਾਲ ਹਮਲਾ ਕੀਤਾ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਵਲੋਂ ਦੋ ਮੋਟਰਸਾਈਕਲ ਅਤੇ ਵਾਰਦਾਤ ਵਿਚ ਵਰਤੀ ਕਿਰਚ ਬਰਾਮਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਫੇਜ਼-7 ਸਥਿਤ ਐਕਸਿਸ ਬੈਂਕ ਦੇ ਏ.ਟੀ.ਐਮ. ਵਿਚ ਅੱਖਾਂ ਵਿਚ ਮਿਰਚਾਂ ਪਾ ਕੇ ਨਕਦੀ ਲੁੱਟਣ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 2 ਲੱਖ ਰੁਪਏ ਨਕਦ, ਮੋਟਰਸਾਈਕਲ, ਚਾਕੂ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
;
;
;
;
;
;
;