JALANDHAR WEATHER

ਫ਼ਾਜ਼ਿਲਕਾ ਜ਼ਿਲ੍ਹੇ ਵਿਚ 15 ਲੱਖ ਦੀ ਫਿਰੌਤੀ ਮੰਗਣ ਵਾਲੇ ਚਾਰ ਨਾਬਾਲਗ ਕਾਬੂ

ਫ਼ਾਜ਼ਿਲਕਾ,21 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ 15 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ’ਚ ਚਾਰ ਨਾਬਾਲਗ ਵਿਦਿਆਰਥੀਆਂ ਨੂੰ ਕਾਬੂ ਕੀਤਾ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅਬੋਹਰ ਵਿਚ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਇਕ ਦੁਕਾਨਦਾਰ ਨੂੰ ਫੋਨ ਕਰਕੇ 15 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ।

 

ਐਸ.ਐਸ.ਪੀ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਦਿਨ ਪਹਿਲਾਂ ਥਾਣਾ ਬਹਾਵਵਾਲਾ ਦੇ ਪਿੰਡ ਅਮਰਪੁਰਾ ਦੇ ਰਹਿਣ ਵਾਲੇ ਰਾਜਿੰਦਰ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਹ ਅਬੋਹਰ ਵਿਚ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ। ਪਹਿਲਾਂ ਇਕ ਅਣ-ਪਛਾਤੇ ਨੰਬਰ ਤੋਂ ਫੋਨ ਆਇਆ ਅਤੇ ਪੁੱਛਿਆ ਗਿਆ ਕਿ ਕੀ ਉਹ ਰਾਜਿੰਦਰ ਬੋਲ ਰਿਹਾ ਹੈ। ਹਾਂ ਕਰਨ ’ਤੇ ਕਾਲ ਕੱਟ ਦਿੱਤੀ ਗਈ। ਬਾਅਦ ਵਿੱਚ ਦੁਬਾਰਾ ਫੋਨ ਕਰਕੇ 15 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ’ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ।

 

ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਨਾਬਾਲਗ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵਲੋਂ ਉਨ੍ਹਾਂ ਕੋਲੋਂ ਵਰਤੇ ਗਏ ਮੋਬਾਈਲ ਫੋਨ ਅਤੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਚਾਰੋਂ ਆਪਸ ਵਿਚ ਦੋਸਤ ਹਨ। ਉਨ੍ਹਾਂ ਵਿਚੋਂ ਤਿੰਨ ਇਕੋ ਸਕੂਲ ਦੇ ਵਿਦਿਆਰਥੀ ਹਨ ਜਦਕਿ ਇਕ ਹੋਰ ਸਕੂਲ ਵਿਚ ਪੜ੍ਹਦਾ ਹੈ।

 

ਐਸ.ਐਸ.ਪੀ. ਮੁਤਾਬਕ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਵਿਦਿਆਰਥੀਆਂ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਇਹ ਕਦਮ ਚੁੱਕਿਆ। ਚਾਰੋਂ ਨੂੰ ਜੂਵੈਨਾਈਲ ਹੋਮ ਭੇਜ ਦਿੱਤਾ ਗਿਆ ਹੈ।

 

ਐਸ.ਐਸ.ਪੀ. ਗੁਰਮੀਤ ਸਿੰਘ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਖਾਸ ਧਿਆਨ ਰੱਖਣ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਇਸਤੇਮਾਲ ’ਤੇ ਨਿਗਰਾਨੀ ਬਣਾਈ ਰੱਖਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ