JALANDHAR WEATHER

ਆਰ.ਐਸ.ਐਸ. ਨਾਲ ਸੰਬੰਧਿਤ ਮਾਣਹਾਨੀ ਮਾਮਲਾ: ਰਾਹੁਲ ਗਾਂਧੀ ਅੱਜ ਹੋਣਗੇ ਪੇਸ਼

ਨਵੀਂ ਦਿੱਲੀ, 21 ਫ਼ਰਵਰੀ - ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਆਰ.ਐਸ.ਐਸ. ਨਾਲ ਸੰਬੰਧਿਤ ਮਾਣਹਾਨੀ ਦੇ ਮਾਮਲੇ ਵਿਚ ਅੱਜ ਠਾਣੇ ਜ਼ਿਲ੍ਹੇ ਦੇ ਭਿਵੰਡੀ ਦੀ ਇਕ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਣਗੇ। ਇਕ ਆਰ.ਐਸ.ਐਸ. ਵਰਕਰ ਨੇ ਰਾਹੁਲ ਦੇ ਬਿਆਨਾਂ ਨੂੰ ਲੈ ਕੇ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।

ਰਾਹੁਲ ਗਾਂਧੀ ਦੇ ਵਕੀਲ ਨਾਰਾਇਣ ਅਈਅਰ ਨੇ ਦੱਸਿਆ ਕਿ ਗਾਂਧੀ ਨੂੰ ਨਵਾਂ ਜ਼ਮਾਨਤੀ ਦੇਣ ਲਈ ਕਿਹਾ ਗਿਆ ਹੈ ਕਿਉਂਕਿ (ਕਾਂਗਰਸ ਨੇਤਾ) ਸ਼ਿਵਰਾਜ ਪਾਟਿਲ ਚਕੁਰਕਰ, ਜੋ ਉਨ੍ਹਾਂ ਦੇ ਮੌਜੂਦਾ ਜ਼ਮਾਨਤੀ ਸਨ, ਦੀ 12 ਦਸੰਬਰ ਨੂੰ ਮੌਤ ਹੋ ਗਈ ਸੀ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਵਰਕਰ ਰਾਜੇਸ਼ ਕੁੰਟੇ ਨੇ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਦੋਸ਼ ਲਗਾਇਆ ਗਿਆ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੋਨਾਲੇ ਪਿੰਡ ਵਿਚ ਇਕ ਰੈਲੀ ਵਿਚ ਕਿਹਾ ਸੀ ਕਿ ਮਹਾਤਮਾ ਗਾਂਧੀ ਦੀ ਹੱਤਿਆ ਪਿੱਛੇ ਆਰ.ਐਸ.ਐਸ. ਦਾ ਹੱਥ ਸੀ। ਕੁੰਟੇ ਨੇ ਭਾਰਤੀ ਦੰਡ ਸੰਹਿਤਾ (ਆਈ.ਪੀ.ਸੀ.) ਦੀ ਧਾਰਾ 500 (ਮਾਣਹਾਨੀ) ਦੇ ਤਹਿਤ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਗਲਤ ਟਿੱਪਣੀ ਨੇ ਆਰ.ਐਸ.ਐਸ. ਦੀ ਛਵੀ ਨੂੰ ਖ਼ਰਾਬ ਕੀਤਾ ਹੈ।

ਪਹਿਲਾਂ ਸੁਣਵਾਈ 20 ਦਸੰਬਰ, 2025 ਨੂੰ ਨਿਰਧਾਰਤ ਕੀਤੀ ਗਈ ਸੀ, ਪਰ ਨਵੀਂ ਜ਼ਮਾਨਤ ਦੀ ਜ਼ਰੂਰਤ ਕਾਰਨ ਇਸ ਨੂੰ 17 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। 17 ਜਨਵਰੀ ਨੂੰ ਮੈਜਿਸਟ੍ਰੇਟ ਨੇ ਕੇਸ ਦੀ ਸੁਣਵਾਈ 21 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ