ਫਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ 5 ਤੋਂ 7 ਮਾਰਚ ਤੱਕ ਕੰਮ ਬੰਦ
ਤਪਾ ਮੰਡੀ, (ਬਰਨਾਲਾ), 5 ਮਾਰਚ (ਵਿਜੇ ਸ਼ਰਮਾ)- ਫਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜ ਮਾਰਚ ਤੋਂ 7 ਮਾਰਚ ਤੱਕ ਫਰਦ ਕੇਂਦਰਾਂ ਨੂੰ ਬੰਦ ਕਰਕੇ ਹੜਤਾਲ ’ਤੇ ਚਲੇ ਗਏ ਹਨ, ਜਿਸ ਕਰਕੇ ਫ਼ਰਦ ਲੈਣ ਲਈ ਆਏ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਤਪਾ, ਗਗਨਦੀਪ ਸ਼ਰਮਾ ਨੇ ਦੱਸਿਆ ਕਿ ਫਰਦ ਕੇਂਦਰਾਂ ਵਿਚ ਲਗਭਗ 900 ਤੋਂ ਵੱਧ ਡਾਟਾ ਐਂਟਰੀ ਆਪ੍ਰੇਟਰ ਪਿਛਲੇ 15 ਤੋਂ 18 ਸਾਲਾਂ ਤੋਂ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਜਮਾਂਬੰਦੀਆਂ, ਖਸਰਾ ਗਿਰਦਾਵਰੀ ਇੰਤਕਾਲਾ ਦਰਜ ਕਰਨ ਲਈ ਪੰਜਾਬ ਦੇ ਮਾਲ ਰਿਕਾਰਡ ਨੂੰ ਕੰਪਿਊਟਰਾਈਜਡ ਕਰਕੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਇਕ ਪ੍ਰਾਈਵੇਟ ਕੰਪਨੀ ਸੀ.ਐਮ.ਐਸ. ਕੰਪਿਊਟਰ ਲਿਮਿਟਡ ਦੁਆਰਾ ਭਰਤੀ ਕੀਤਾ ਗਿਆ ਸੀ, ਜਦੋਂ ਗੱਲ ਤਨਖਾਹ ਦੀ ਆਉਂਦੀ ਹੈ ਤਾਂ ਕੰਪਿਊਟਰ ਆਪਰੇਟਰਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਸੇਵਾਵਾਂ ਨੂੰ ਪੰਜਾਬ ਸਰਕਾਰ ਮਾਲ ਵਿਭਾਗ ਦੇ ਅਧੀਨ ਲਿਆਂਦਾ ਜਾਵੇ, ਜੇਕਰ ਕੋਈ ਆਪਰੇਟਰ ਨਾਲ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ ਬੀਮਾ ਪਾਲਸੀ ਦੇ ਅਧੀਨ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਇਸ ਸੰਬੰਧੀ ਕਈ ਵਾਰ ਉਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਪਰਨਾਲਾ ਉੱਥੇ ਦਾ ਉਥੇ ਹੀ ਹੈ। ਉਹਨਾਂ ਦੱਸਿਆ ਕਿ ਅਗਰ ਸਰਕਾਰ ਨੇ ਫਰਦ ਕੇਂਦਰ ਕੰਪਿਊਟਰ ਆਪ੍ਰੇਟਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
;
;
;
;
;
;
;