ਅਮਰੀਕਾ ਵਲੋਂ ਇਰਾਨ ਦੇ ਟਾਪੂ ਦੇ ਡੀਸੈਲੀਨੇਸ਼ਨ ਪਲਾਂਟ ‘ਤੇ ਹਮਲਾ ਕਰਨਾ ਮੰਦਭਾਗਾ -ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 9 ਮਾਰਚ (ਥਿੰਦ) -ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੰਗ ਦੌਰਾਨ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਕੀਤੇ ਜਾ ਰਹੇ ਹਮਲਿਆਂ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਇੱਥੋਂ ਜਾਰੀ ਇਕ ਪ੍ਰੈਸ ਬਿਆਨ ’ਚ ਕਿਹਾ ਕਿ ਜੰਗ ਦੀ ਸਥਿਤੀ ’ਚ ਵੀ ਮਨੁੱਖਤਾ ਅਤੇ ਅੰਤਰਰਾਸ਼ਟਰੀ ਯੁੱਧ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਇਸ ਲਈ ਦੋਵੇਂ ਧਿਰਾਂ ਨੂੰ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਦਸਵੇਂ ਦਿਨ ਹੋਏ ਹਮਲਿਆਂ ਦੌਰਾਨ ਪਾਣੀ ਅਤੇ ਬਿਜਲੀ ਦੇ ਢਾਂਚੇ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਅਮਰੀਕਾ ਵੱਲੋਂ ਕੀਤੇ ਗਏ ਹਵਾਈ ਹਮਲੇ ਦੌਰਾਨ ਇਰਾਨ ਦੇ ਕੇਸ਼ਮ ਟਾਪੂ ‘ਤੇ ਸਥਿਤ ਡੀਸੈਲੀਨੇਸ਼ਨ ਪਲਾਂਟ (ਸਮੁੰਦਰੀ ਖਾਰੇ ਪਾਣੀ ਨੂੰ ਸਾਫ਼ ਕਰਕੇ ਪੀਣਯੋਗ ਬਣਾਉਣ ਵਾਲਾ ਪਲਾਂਟ) ਨੂੰ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਦੇ ਨਤੀਜੇ ਵਜੋਂ ਟਾਪੂ ‘ਤੇ ਵੱਸਦੇ ਕਰੀਬ 30 ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਇਰਾਨ ਕੋਲ ਕੁੱਲ ਪਾਣੀ ’ਚੋਂ ਕੇਵਲ ਕਰੀਬ 2 ਫੀਸਦੀ ਪਾਣੀ ਹੀ ਡੀਸੈਲੀਨੇਸ਼ਨ ਰਾਹੀਂ ਸਾਫ਼ ਕਰਨ ਦੀ ਸਮਰੱਥਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸੇ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਅਤੇ ਸਾਹ ਲੈਣ ਲਈ ਸਾਫ ਹਵਾ ਤੋਂ ਵਾਂਝਾ ਕਰਨਾ ਬਹੁਤ ਹੀ ਗੈਰ-ਮਨੁੱਖੀ ਅਤੇ ਬੁਜ਼ਦਲਾਨਾ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਯੁੱਧ ਦੇ ਮੂਲ ਅਸੂਲਾਂ ਅਤੇ ਮਨੁੱਖੀ ਮੁੱਲਾਂ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਬੰਬਾਂ ਅਤੇ ਮਿਜ਼ਾਇਲਾਂ ਤੋਂ ਬਚ ਵੀ ਜਾਣ, ਪਰ ਉਨ੍ਹਾਂ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ ‘ਤੇ ਹਮਲੇ ਕਰਨਾ ਮਨੁੱਖਤਾ ਨਾਲ ਘੋਰ ਧੋਖਾ ਹੈ।
;
;
;
;
;
;
;
;