ਵਿਧਾਇਕ ਧਾਲੀਵਾਲ ਨੇ ਸਰਹੱਦੀ ਖੇਤਰ 'ਚ ਹੜਾਂ ਨਾਲ ਪ੍ਰਭਾਵਿਤ ਕਿਸਾਨਾਂ ਦਾ ਮੁੱਦਾ ਵਿਧਾਨ ਸਭਾ ਵਿਚ ਚੁੱਕਿਆ
ਅਜਨਾਲਾ , 11 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਦੇ ਅਹਿਮ ਮੁੱਦੇ ਉਠਾਏ। ਸਰਕਾਰ ਦਾ ਧਿਆਨ ਦਿਵਾਉਂਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦਰਿਆ ਰਾਵੀ ਦੇ ਕੰਢੇ ਨਾਲ ਲੱਗਦੇ ਕਈ ਪਿੰਡਾਂ ਵਿਚ ਹੜ੍ਹ ਆਉਣ ਕਾਰਨ ਬਿਜਲੀ ਦੀਆਂ ਲਾਈਨਾਂ, ਟਰਾਂਸਫਾਰਮਰ ਅਤੇ ਪੋਲ ਤੱਕ ਰੁੜ੍ਹ ਗਏ ਹਨ, ਜਿਸ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਮੁੜ ਬਿਜਲੀ ਪ੍ਰਣਾਲੀ ਬਹਾਲ ਕਰਨ ਲਈ ਵੱਧ ਫੰਡ ਮੁਹੱਈਆ ਕਰਵਾਏ ਜਾਣ ਤਾਂ ਜੋ ਪ੍ਰਭਾਵਿਤ ਪਿੰਡਾਂ ਵਿਚ ਜਲਦੀ ਬਿਜਲੀ ਸਪਲਾਈ ਹੱਲ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਕਈ ਕਿਸਾਨ ਸੋਲਰ ਊਰਜਾ ਦੀ ਮਦਦ ਨਾਲ ਖੇਤੀ ਕਰਦੇ ਹਨ ਅਤੇ ਟਿਊਬਵੈੱਲ ਚਲਾਉਂਦੇ ਹਨ। ਹੜ੍ਹ ਕਾਰਨ ਕਈ ਕਿਸਾਨਾਂ ਦੇ ਸੋਲਰ ਸਿਸਟਮ ਵੀ ਰੁੜ੍ਹ ਗਏ ਹਨ, ਜਿਨ੍ਹਾਂ ‘ਤੇ ਕਿਸਾਨਾਂ ਨੇ 3 ਤੋਂ 4 ਲੱਖ ਰੁਪਏ ਦਾ ਖਰਚ ਆਇਆ ਸੀ। ਉਨ੍ਹਾਂ ਵਿੱਤ ਮੰਤਰੀ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਕਿਸਾਨਾਂ ਨੂੰ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ ’ਤੇ ਖੜੇ ਹੋ ਸਕਣ। ਉਨ੍ਹਾਂ ਇਕ ਹੋਰ ਮਹੱਤਵਪੂਰਨ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਦਰਿਆ ਬੁਰਦ ਹੋ ਜਾਣ ਵਾਲੀ ਜ਼ਮੀਨ ਲਈ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਪਹਿਲਾਂ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਇਸ ਲਈ ਇਸ ਜ਼ਮੀਨ ਦਾ ਵੀ ਯੋਗ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਕੋਈ ਠੋਸ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਫਸਲਾਂ ਲਈ ਦਿੱਤਾ ਗਿਆ ਮੁਆਵਜ਼ਾ ਕਿਸਾਨਾਂ ਲਈ ਵੱਡੀ ਰਾਹਤ ਹੈ ਅਤੇ ਕਿਸਾਨ ਇਸ ਨਾਲ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਨਾਲ ਜੁੜੇ ਕੁਝ ਛੋਟੇ-ਛੋਟੇ ਮੁੱਦੇ ਹੱਲ ਹੋ ਜਾਣ ਤਾਂ ਇਲਾਕੇ ਦੇ ਕਿਸਾਨਾਂ ਨੂੰ ਹੋਰ ਵੀ ਵੱਡੀ ਰਾਹਤ ਮਿਲੇਗੀ।
;
;
;
;
;
;
;
;
;