ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਗੱਜਪਤ ਸਿੰਘ ਗਰੇਵਾਲ ਦੀ ਐਂਟੀਸਿਪੇਟਰੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਜ
ਐਸ. ਏ. ਐਸ. ਨਗਰ, 16 ਮਾਰਚ (ਕਪਿਲ ਵਧਵਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕਰੀਬ 700 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਮਜ਼ਦ ਗੱਜਪਤ ਸਿੰਘ ਗਰੇਵਾਲ (ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ) ਵਲੋਂ ਦਾਇਰ ਕੀਤੀ ਗਈ ਐਂਟੀਸਿਪੇਟਰੀ ਜ਼ਮਾਨਤ ਅਰਜ਼ੀ ’ਤੇ ਅੱਜ ਅਦਾਲਤ ਵਿਚ ਸੁਣਵਾਈ ਹੋਵੇਗੀ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਸਮੇਤ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਗੱਜਪਤ ਸਿੰਘ ਗਰੇਵਾਲ ਇਸ ਮਾਮਲੇ ਵਿਚ ਵਿਜੀਲੈਂਸ ਅੱਗੇ ਪੇਸ਼ ਹੋਏ ਸਨ, ਪਰ ਹਿਰਾਸਤੀ ਪੁੱਛਗਿੱਛ ਲਈ ਵਿਜੀਲੈਂਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।ਦੋਸ਼ ਪੱਤਰ ਅਨੁਸਾਰ ਐੱਸ. ਡੀ. ਬੈਵਰੇਜਸ ਨਾਮ ਦੀ ਕੰਪਨੀ ਦੀ ਰਜਿਸਟ੍ਰੇਸ਼ਨ ਮੁਤਾਬਕ ਉਸ ਦੇ ਤਿੰਨ ਮਾਲਕ ਹਨ, ਜਿਨ੍ਹਾਂ ਵਿਚ ਗੱਜਪਤ ਸਿੰਘ ਗਰੇਵਾਲ, ਪਰਮਜੀਤ ਸਿੰਘ ਛੀਨਾ ਅਤੇ ਆਰਿਫ਼ ਨਾਮਕ ਇਕ ਹੋਰ ਵਿਅਕਤੀ ਸ਼ਾਮਿਲ ਹਨ। ਵਿਜੀਲੈਂਸ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਉਕਤ ਫਰਮ ਵਿਚ ਗੱਜਪਤ ਸਿੰਘ ਗਰੇਵਾਲ ਵਲੋਂ ਕਰੋੜਾਂ ਰੁਪਏ ਦੀਆਂ ਲੈਣ-ਦੇਣ ਕੀਤੀਆਂ ਗਈਆਂ ਹਨ, ਜਦਕਿ ਉਨ੍ਹਾਂ ਵਲੋਂ ਆਮਦਨ ਕਰ ਰਿਕਾਰਡ ਮੁਤਾਬਕ ਕਾਫ਼ੀ ਘੱਟ ਆਮਦਨ ਦਰਜ ਕਰਵਾਈ ਗਈ ਹੈ। ਸੂਤਰਾਂ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਗਜਪਤ ਸਿੰਘ ਗਰੇਵਾਲ ਖ਼ਿਲਾਫ਼ ਸਪਲੀਮੈਂਟਰੀ ਚਾਰਜ ਸ਼ੀਟ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਕਿਸੇ ਵੀ ਟਾਈਮ ਅਦਾਲਤ ਅੱਗੇ ਪੇਸ਼ ਕੀਤੀ ਜਾ ਸਕਦੀ ਹੈ।
ਪਿਛਲੀਆਂ ਦੋ ਸੁਣਵਾਈਆਂ ਦੌਰਾਨ ਮੁਹਾਲੀ ਅਦਾਲਤ ਵਿਖੇ ਕਿਸੇ ਕਾਰਨ ਕਰਕੇ ਇਸ ਮਾਮਲੇ ’ਤੇ ਬਹਿਸ ਨਹੀਂ ਹੋ ਸਕੀ ਸੀ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਸਹਿ ਮੁਲਜ਼ਮ ਹਰਪ੍ਰੀਤ ਸਿੰਘ ਗੁਲਾਟੀ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕਵੈਸ਼ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਜਸਟਿਸ ਤ੍ਰਿਭੁਵਨ ਧਈਆ ਦੀ ਅਦਾਲਤ ਨੇ 24 ਫਰਵਰੀ ਨੂੰ ਸੁਣਵਾਈ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ ਸੀ।ਕਾਨੂੰਨੀ ਮਾਹਰਾਂ ਦੇ ਅਨੁਸਾਰ ਜੇਕਰ ਹਾਈਕੋਰਟ ਦਾ ਫ਼ੈਸਲਾ ਹਰਪ੍ਰੀਤ ਸਿੰਘ ਗੁਲਾਟੀ ਦੇ ਹੱਕ ਵਿਚ ਆਉਂਦਾ ਹੈ ਤਾਂ ਇਸ ਦੇ ਆਧਾਰ ’ਤੇ ਸ਼ੁਰੂਆਤੀ ਜਾਂਚ ਦੌਰਾਨ ਨਾਮਜ਼ਦ ਨਾ ਕੀਤੇ ਗਏ ਗੱਜਪਤ ਸਿੰਘ ਗਰੇਵਾਲ ਨੂੰ ਵੀ ਰਾਹਤ ਮਿਲ ਸਕਦੀ ਹੈ।
ਸੂਤਰਾਂ ਮੁਤਾਬਕ ਇਸ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਵਿਸ਼ੇਸ਼ ਸਰਕਾਰੀ ਵਕੀਲਾਂ ਨੂੰ ਹੁਣ ਤੱਕ ਕਰੀਬ ਇਕ ਕਰੋੜ ਰੁਪਏ ਫ਼ੀਸ ਦੇ ਤੌਰ ’ਤੇ ਅਦਾ ਕੀਤੇ ਜਾ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਤੀ ਸੁਣਵਾਈ ਲਗਭਗ 50 ਹਜ਼ਾਰ ਰੁਪਏ ਫ਼ੀਸ ਵਜੋਂ ਚਾਰਜ ਕੀਤੇ ਜਾ ਰਹੇ ਹਨ।
;
;
;
;
;
;