JALANDHAR WEATHER

ਡੀ.ਸੀ., ਐਸ.ਡੀ.ਐਮ. ਦਫ਼ਤਰਾਂ ਸਮੇਤ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਚ 2 ਦਿਨ ਕੰਮ ਕਾਜ ਰਹੇਗਾ ਠੱਪ

ਮਮਦੋਟ (ਫ਼ਿਰੋਜ਼ਪੁਰ), 16 ਮਾਰਚ ( ਰਾਜਿੰਦਰ ਸਿੰਘ ਹਾਂਡਾ) - ਪੰਜਾਬ ਰਾਜ (ਡੀ.ਸੀ.) ਦਫ਼ਤਰ ਯੂਨੀਅਨ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨਾਲ ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਅਤੇ ਇਕ ਸਿਪਾਹੀ ਵੱਲੋਂ ਕਥਿਤ ਗਾਲ਼ੀ ਗਲੋਚ ਅਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰ, ਸਬ ਡਵੀਜ਼ਨ ਮੈਜਿਸਟ੍ਰੇਟ ਦਫ਼ਤਰਾਂ ਸਮੇਤ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਦੋ ਦਿਨ 16 ਅਤੇ 17 ਮਾਰਚ ਨੂੰ ਹੜਤਾਲ ਕਰਕੇ ਕੰਮ ਕਾਜ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਮਾਲ ਨੂੰ ਲਿਖੇ ਪੱਤਰ ਵਿਚ ਯੂਨੀਅਨ ਵਲੋਂ ਦੋਸ਼ ਲਗਾਇਆ ਗਿਆ ਕਿ 9-10 ਮਾਰਚ ਦੀ ਦਰਮਿਆਨੀ ਰਾਤ ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਵਲੋਂ ਪੁਲਿਸ ਪਾਰਟੀ ਸਮੇਤ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਨਾਜਾਇਜ਼ ਖਿੱਚ-ਧੂਹ ਤੇ ਗਾਲੀ ਗਲੋਚ ਕਰਦਿਆਂ ਗ੍ਰਿਫ਼ਤਾਰ ਕਰਕੇ ਸਾਰੀ ਰਾਤ ਹਵਾਲਾਤ ਵਿਚ ਬੰਦ ਰੱਖਿਆ ਗਿਆ। ਇਸ ਦੌਰਾਨ ਅਮ੍ਰਿਤਧਾਰੀ ਤੇਜਿੰਦਰ ਸਿੰਘ ਨੰਗਲ ਦੇ ਸਾਰੇ ਕਕਾਰ ਤੇ ਪੱਗ ਉਤਰਵਾਈ ਗਈ। ਯੂਨੀਅਨ ਵਲੋਂ ਉਕਤ ਪੁਲਿਸ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਦੋ ਦਿਨਾਂ ਕਲਮਛੋੜ ਤੇ ਕੰਪਿਊਟਰ ਬੰਦ ਰੱਖਣ ਦਾ ਐਲਾਨ ਕਰਦਿਆਂ 17 ਮਾਰਚ ਨੂੰ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਫ਼ਤਰ ਅੱਗੇ ਰੋਸ ਧਰਨਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ